ਨਵੀਂ ਦਿੱਲੀ, 2 ਜੁਲਾਈ (ਪੀ.ਟੀ.ਆਈ.)-ਵਿਦੇਸ਼ ਰਾਜ ਮੰਤਰੀ ਪਬਿਤਰਾ ਮਾਰਗੇਰੀਟਾ ਤੇ ਬਿਹਾਰ ਦੇ ਰਾਜਪਾਲ ਸਈਦ ਅਤਾ ਹਸਨੈਨ ਸ਼ੁੱਕਰਵਾਰ ਨੂੰ ਈਰਾਨ ਦੇ ਸਵਰਗੀ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਦੇ ਅੰਤਿਮ ਸੰਸਕਾਰ ਸਮਾਰੋਹ ਵਿਚ ਭਾਰਤ ਦੀ ਨੁਮਾਇੰਦਗੀ ਕਰਨ ਲਈ ਈਰਾਨ ਜਾਣਗੇ। ਵਿਦੇਸ਼ ਮੰਤਰਾਲੇ (ਐਮ.ਈ.ਏ.) ਨੇ ਵੀਰਵਾਰ ਨੂੰ ਇਹ ਐਲਾਨ ਕੀਤਾ। ਹਸਨੈਨ ਅਤੇ ਮਾਰਗੇਰੀਟਾ 3 ਜੁਲਾਈ ਨੂੰ ਇਸਲਾਮੀ ਗਣਰਾਜ ਈਰਾਨ ਦੇ ਸਵਰਗੀ ਸੁਪਰੀਮ ਲੀਡਰ ਗ੍ਰੈਂਡ ਅਯਾਤੁੱਲਾ ਸਈਦ ਅਲੀ ਖਾਮੇਨੇਈ ਦੇ ਅੰਤਿਮ ਸੰਸਕਾਰ ਸਮਾਰੋਹ ’ਚ ਸ਼ਾਮਿਲ ਹੋਣ ਲਈ ਇਸਲਾਮੀ ਗਣਰਾਜ ਈਰਾਨ ਦਾ ਦੌਰਾ ਕਰਨਗੇ । ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੰਤਿਮ ਸੰਸਕਾਰ ਵਿਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਸੀ । ਅੰਤਿਮ ਸੰਸਕਾਰ ਪ੍ਰੋਗਰਾਮ 4-5 ਜੁਲਾਈ ਦੌਰਾਨ ਤਹਿਰਾਨ ਵਿਚ ਇੱਕ ਵਿਦਾਇਗੀ ਸਮਾਗਮ ਨਾਲ ਸ਼ੁਰੂ ਹੋਵੇਗਾ ਤੇ ਈਰਾਨ ਦੀ ਰਾਜਧਾਨੀ ਵਿਚ ਮੁੱਖ ਅੰਤਿਮ ਸੰਸਕਾਰ 6 ਜੁਲਾਈ ਨੂੰ ਹੋਣ ਵਾਲਾ ਹੈ । 7 ਜੁਲਾਈ ਨੂੰ, ਪਵਿੱਤਰ ਸ਼ਹਿਰ ਕੋਮ ਵਿਚ ਸਮਾਰੋਹ ਹੋਣਗੇ ਤੇ ਖਾਮੇਨੇਈ ਦੇ ਜੱਦੀ ਸ਼ਹਿਰ ਮਸ਼ਹਦ ਵਿਚ ਦਫ਼ਨਾਉਣ ਦਾ ਪ੍ਰੋਗਰਾਮ 9 ਜੁਲਾਈ ਨੂੰ ਹੋਣਾ ਤੈਅ ਹੈ।
ਖਾਮੇਨੇਈ ਦੇ ਅੰਤਿਮ ਸੰਸਕਾਰ ਲਈ ਕੇਂਦਰੀ ਮੰਤਰੀ ਮਾਰਗੇਰੀਟਾ ਤੇ ਬਿਹਾਰ ਦੇ ਰਾਜਪਾਲ ਜਾਣਗੇ
ਅਜੀਤ ਡੈਸਕ
03-07-2026