ਬੈਂਗਲੁਰੂ, 2 ਜੁਲਾਈ (ਏਜੰਸੀ)-ਬੈਂਗਲੁਰੂ ’ਚ ਪੱਥਰ ਦੀ ਖਾਣ ’ਚ ਇਕ ਚੱਟਾਨ ਡਿੱਗਣ ਨਾਲ 7 ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ, ਜਿਨ੍ਹਾਂ ’ਚੋਂ ਜ਼ਿਆਦਾਤਰ ਮਜ਼ਦੂਰ ਮੱਧ ਪ੍ਰਦੇਸ਼ ਨਾਲ ਸੰਬੰਧਿਤ ਹਨ। ਹਾਦਸੇ ਸਮੇਂ ਖਾਣ ’ਚ 17 ਮਜ਼ਦੂਰ ਕੰਮ ਕਰ ਰਹੇ ਸਨ। ਪੁਲਿਸ ਅਨੁਸਾਰ ਵੀਰਵਾਰ ਸਵੇਰੇ ਦੱਖਣੀ ਤਾਲੁਕ ਇਲਾਕੇ ’ਚ ਮੌਜੂਦ ਕਾਵੇਰੀ ਕਰੱਸ਼ਰ ਕੰਪਨੀ ਦੀ ਖਾਣ ’ਚ ਕੰਮ ਚੱਲ ਰਿਹਾ ਸੀ। ਇਸ ਦੌਰਾਨ 40 ਫੁੱਟ ਦੀ ਉਚਾਈ ਤੋਂ ਗ੍ਰੇਨਾਈਟ ਦੀ ਇਕ ਚੱਟਾਨ ਮਜ਼ਦੂਰਾਂ ’ਤੇ ਆ ਡਿੱਗੀ। ਹਾਦਸੇ ’ਚ ਪੰਜ ਮਜ਼ਦੂਰ ਜ਼ਖ਼ਮੀ ਵੀ ਹੋਏ ਹਨ, ਜਿੰਨ੍ਹਾਂ ਨੂੰ ਇਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਪਹਿਲਾਂ ਪੁਲਿਸ ਸੂਤਰਾਂ ਨੇ ਜਾਣਕਾਰੀ ਦਿੱਤੀ ਸੀ ਕਿ ਸਾਰੇ ਮਿ੍ਤਕ ਬਿਹਾਰ ਦੇ ਰਹਿਣ ਵਾਲੇ ਸਨ। ਬਾਅਦ ’ਚ ਸਪਸ਼ਟ ਕੀਤਾ ਗਿਆ ਕਿ 5 ਮਜ਼ਦੂਰ ਮੱਧ ਪ੍ਰਦੇਸ਼, ਇਕ ਛੱਤੀਸਗੜ੍ਹ ਅਤੇ ਇਕ ਕਰਨਾਟਕ ਦੇ ਯਾਦਗੀਰ ਦਾ ਰਹਿਣ ਵਾਲਾ ਸੀ। ਇਕ ਅਧਿਕਾਰੀ ਨੇ ਦੱਸਿਆ ਕਿ ਹਾਦਸੇ ’ਚ ਮਾਰੇ ਗਏ ਮਜ਼ਦੂਰਾਂ ’ਚੋਂ 5 ਮੱਧ ਪ੍ਰਦੇਸ਼ ਨਾਲ ਸੰਬੰਧਿਤ ਹਨ। ਚੱਟਾਨ ਡਿੱਗਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਸ ਸੰਬੰਧੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਕੋਈ ਲਾਪ੍ਰਵਾਹੀ ਤਾਂ ਨਹੀਂ ਵਰਤੀ ਗਈ ਜਾਂ ਸੁਰੱਖਿਆ ਨਿਯਮਾਂ ਦੀ ਉਲੰਘਣਾ ਤਾਂ ਨਹੀਂ ਕੀਤੀ ਗਈ।
ਰਾਸ਼ਟਰਪਤੀ ਵਲੋਂ ਹਾਦਸੇ ’ਤੇ ਦੁੱਖ ਪ੍ਰਗਟ
ਨਵੀਂ ਦਿੱਲੀ, (ਪੀ.ਟੀ.ਆਈ.)-ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਬੈਂਗਲੁਰੂ ਹਾਦਸੇ ’ਤੇ ਦੁੱਖ ਪ੍ਰਗਟ ਕਰਦਿਆਂ ਪੀੜਤ ਪਰਿਵਾਰਾਂ ਨਾਲ ਆਪਣੀ ਦਿਲੀ ਹਮਦਰਦੀ ਪ੍ਰਗਟ ਕੀਤੀ। ਰਾਸ਼ਟਰਪਤੀ ਨੇ ‘ਐਕਸ’ ’ਤੇ ਪਾਏ ਸੰਦੇਸ਼ ’ਚ ਕਿਹਾ ਕਿ ਹਾਦਸੇ ’ਚ ਮਾਰੇ ਗਏ ਮਜ਼ਦੂਰਾਂ ਦੇ ਪਰਿਵਾਰਾਂ ਨਾਲ ਮੇਰੀ ਦਿਲੀ ਹਮਦਰਦੀ ਅਤੇ ਮੈਂ ਜ਼ਖ਼ਮੀਆਂ ਦੀ ਜਲਦ ਸਿਹਤਯਾਬੀ ਦੀ ਕਾਮਨਾ ਕਰਦੀ ਹਾਂ।
ਬੈਂਗਲੁਰੂ ’ਚ ਚਟਾਨ ਡਿਗਣ ਨਾਲ 7 ਮਜ਼ਦੂਰਾਂ ਦੀ ਮੌਤ
ਅਜੀਤ ਡੈਸਕ
03-07-2026