ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਕੀ ਭਾਰਤ-ਪਾਕਿ ਵਿਚਲੇ ਅਗਲੇ ਟਕਰਾਅ ਦਾ ਮੁੱਖ ਕਾਰਨ ਬਣੇਗਾ ‘ਪਾਣੀ’

Ad Position 21
No active advertisement
ਅਜੀਤ ਡੈਸਕ 03-07-2026

* ਸਿੰਧੂ ਜਲ ਸੰਧੀ ਮੁਅੱਤਲੀ ਜਾਰੀ ਰਹਿਣ ਤੋਂ ਬਾਅਦ ਵਧੀਆਂ ਚਿੰਤਾਵਾਂ * ਪਾਕਿ ਵਲੋਂ ਸਮਝੌਤੇ ਨੂੰ ਬਹਾਲ ਕਰਨ ਲਈ ਧਮਕੀਆਂ ਦੇ ਨਾਲ-ਨਾਲ ਬੇਨਤੀਆਂ ਦਾ ਸਿਲਸਿਲਾ ਜਾਰੀ
ਸੁਰਿੰਦਰ ਕੋਛੜ

ਅੰਮ੍ਰਿਤਸਰ, 2 ਜੁਲਾਈ -ਦਹਾਕਿਆਂ ਪੁਰਾਣੀ ਸਿੰਧੂ ਜਲ ਸੰਧੀ ਨੂੰ ਲੈ ਕੇ ਭਾਰਤ ਤੇ ਪਾਕਿਸਤਾਨ ਵਿਚਕਾਰ ਤਣਾਅ ਖ਼ਤਰਨਾਕ ਬਿੰਦੂ ’ਤੇ ਪਹੁੰਚ ਗਿਆ ਹੈ। ਪਿਛਲੇ ਸਾਲ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਸੰਧੀ ਨੂੰ ਮੁਅੱਤਲ ਕਰਨ ਦਾ ਫ਼ੈਸਲਾ ਕੀਤਾ, ਜੋ ਲਗਭਗ ਸਵਾ ਸਾਲ ਤੋਂ ਲਾਗੂ ਹੈ। ਇਸ ਤੋਂ ਬਾਅਦ ਸ਼ੁਰੂ ਹੋਇਆ ਵਿਵਾਦ ਹੁਣ ਖੁੱਲ੍ਹੇਆਮ ਸ਼ਬਦੀ ਯੁੱਧ ’ਚ ਬਦਲ ਗਿਆ ਹੈ । ਸੰਧੀ ਨੂੰ ਮੁਅੱਤਲ ਕਰਨ ਸੰਬੰਧੀ ਭਾਰਤ ਦੇ ਸਖ਼ਤ ਰੁਖ਼ ਤੋਂ ਬਾਅਦ ਦੋਵੇਂ ਦੇਸ਼ਾਂ ਦੇ ਰਿਸ਼ਤੇ ਜਿਸ ਤਰ੍ਹਾਂ ਨਾਲ ਖ਼ਤਰਨਾਕ ਮੋੜ ਵਲ ਵੱਧ ਰਹੇ ਹਨ, ਉਸ ਤੋਂ ਬਾਅਦ ਇਸ ਸੰਭਾਵਨਾ ’ਤੇ ਚਰਚਾ ਤੇਜ਼ ਹੋ ਗਈ ਹੈ ਕਿ ਕੀ ‘ਪਾਣੀ’ ਭਾਰਤ-ਪਾਕਿ ਵਿਚਲੇ ਅਗਲੇ ਟਕਰਾਅ ਦਾ ਮੁੱਖ ਕਾਰਨ ਬਣੇਗਾ ? ਜਾਂ ਪਾਣੀ ਨੂੰ ਲੈ ਕੇ ਦੋਵੇਂ ਪ੍ਰਮਾਣੂ ਮੁਲਕਾਂ ’ਚ ਖੂਨ ਦੇ ਦਰਿਆ ਵਗਣਗੇ ? ਦੱਸਣਯੋਗ ਹੈ ਕਿ 22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ’ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨ ਦਾ ਐਲਾਨ ਕੀਤਾ ਸੀ । ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਪੱਸ਼ਟ ਤੌਰ ’ਤੇ ਕਿਹਾ ਸੀ ਕਿ ਪਾਣੀ ਅਤੇ ਖੂਨ ਇਕੱਠੇ ਨਹੀਂ ਵਹਿ ਸਕਦੇ । ਸਿੰਧੂ ਜਲ ਸੰਧੀ ਮੁਅੱਤਲੀ ਨੂੰ ਲੈ ਕੇ ਘਬਰਾਹਟ ’ਚ ਆਏ ਪਾਕਿ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼, ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਅਤੇ ਫ਼ੌਜ ਮੁਖੀ ਜਨਰਲ ਆਸਿਮ ਮੁਨੀਰ ਭਾਰਤ ’ਤੇ ਪਾਣੀ ਨੂੰ ਹਥਿਆਰ ਵਜੋਂ ਵਰਤਣ ਦਾ ਦੋਸ਼ ਲਗਾਉਂਦਿਆਂ ਪ੍ਰਮਾਣੂ ਹਮਲੇ ਦੀਆਂ ਧਮਕੀਆਂ ਦੇ ਚੁਕੇ ਹਨ । ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਸੰਸਦ ਮੈਂਬਰ ਸਈਅਦ ਅਲੀ ਜ਼ਫ਼ਰ ਨੇ ਕਿਹਾ ਕਿ ਸਿੰਧੂ ਜਲ ਸੰਕਟ ਸਾਡੇ ’ਤੇ ਪਿਆ ਇਕ ਪਾਣੀ ਦਾ ਬੰਬ ਹੈ, ਜਿਸ ਨੂੰ ਸਾਨੂੰ ਨਕਾਰਾ ਕਰਨਾ ਪਵੇਗਾ। ਪਾਕਿਸਤਾਨ ਪੀਪਲਜ਼ ਪਾਰਟੀ ਦੇ ਚੇਅਰਮੈਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਸਿੰਧੂ ਨਦੀ ਦੇ ਪਾਣੀ ਨੂੰ ਲੈ ਕੇ ਭਾਰਤ ਨੂੰ ਖ਼ੂਨ-ਖ਼ਰਾਬੇ ਦੀ ਧਮਕੀ ਦਿੰਦਿਆਂ ਕਿਹਾ ਕਿ ਜੇ ਤੁਸੀਂ (ਭਾਰਤ) ਸਾਡਾ ਪਾਣੀ ਬੰਦ ਕੀਤਾ ਤਾਂ ਅਸੀਂ ਤੁਹਾਡਾ ਸਾਹ ਬੰਦ ਕਰ ਦੇਵਾਂਗੇ । ਸੰਯੁਕਤ ਰਾਸ਼ਟਰ ’ਚ ਪਾਕਿ ਦੇ ਸਥਾਈ ਪ੍ਰਤੀਨਿਧੀ ਰਾਜਦੂਤ ਅਸੀਮ ਇਫ਼ਤਿਖ਼ਾਰ ਅਹਿਮਦ ਨੇ ਭਾਰਤ ਵਲੋਂ ਸੰਧੀ ਮੁਲਤਵੀ ਨੂੰ ‘ਜਲ ਅੱਤਵਾਦ’ ਦਾ ਨਾਂਅ ਦਿੱਤਾ ਹੈ। ਇਸ ਦੇ ਨਾਲ ਹੀ ਸੂਚਨਾ ਮੰਤਰੀ ਅਤਾਉੱਲਾ ਤਰਾਰ ਧਮਕੀ ਦੇ ਚੁਕੇ ਹਨ ਕਿ ਜੇਕਰ ਕਿਸੇ ਨੇ ਪਾਕਿ ਦੇ ਹਿੱਸੇ ਦੇ ਪਾਣੀ ਨੂੰ ਰੋਕਣ ਦੀ ਹਿੰਮਤ ਕੀਤੀ ਤਾਂ ਅਸੀਂ ਉਸ ਦੇ ਹੱਥ ਵੱਢ ਦਿਆਂਗੇ। ਹਾਲਾਂਕਿ, ਇਨ੍ਹਾਂ ਧਮਕੀਆਂ ਅਤੇ ਦਾਅਵਿਆਂ ਦੇ ਨਾਲ ਹੀ ਇਸ ਸਿੰਧੂ ਜਲ ਸਮਝੌਤੇ ਨੂੰ ਬਹਾਲ ਕਰਨ ਲਈ ਪਾਕਿ ਵਲੋਂ ਬੇਨਤੀਆਂ ਕਰਨ ਦਾ ਸਿਲਸਿਲਾ ਵੀ ਬਦਸਤੂਰ ਜਾਰੀ ਹੈ । ਦੂਜੇ ਪਾਸੇ, ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨ ਤੋਂ ਬਾਅਦ ਭਾਰਤ ਨੇ ਸਿੰਧੂ ਦਰਿਆ ਪ੍ਰਣਾਲੀ ਨਾਲ ਜੁੜੀਆਂ ਨਦੀਆਂ ਦੇ ਪਾਣੀ ਦੇ ਪੱਧਰ ਬਾਰੇ ਜਾਣਕਾਰੀ ਪਾਕਿ ਨਾਲ ਸਾਂਝੀ ਕਰਨੀ ਬੰਦ ਕਰ ਦਿੱਤੀ ਹੈ। ਰਾਜਨੀਤਕ ਅਤੇ ਰਣਨੀਤਕ ਵਿਸ਼ਲੇਸ਼ਕ ਮੰਨਦੇ ਹਨ ਕਿ ਜੇਕਰ ਪਾਣੀ ਦੇ ਮੁੱਦੇ ਦਾ ਹੱਲ ਗੱਲਬਾਤ ਰਾਹੀਂ ਨਾ ਲੱਭਿਆ ਗਿਆ ਤਾਂ ਇਹ ਭਵਿੱਖ ’ਚ ਦੋਵੇਂ ਪ੍ਰਮਾਣੂ ਤਾਕਤਾਂ ਵਿਚਕਾਰ ਤਣਾਅ ਨੂੰ ਹੋਰ ਗੰਭੀਰ ਬਣਾ ਸਕਦਾ ਹੈ । ਪਾਣੀ ਦੇ ਪ੍ਰਵਾਹ ’ਚ ਕੋਈ ਵੀ ਰੁਕਾਵਟ 24 ਕਰੋੜ ਪਾਕਿਸਤਾਨੀਆਂ ਨੂੰ ਪ੍ਰਭਾਵਿਤ ਕਰਨ ਵਾਲੇ ਮਨੁੱਖੀ ਸੰਕਟ ਨੂੰ ਪੈਦਾ ਕਰ ਸਕਦੀ ਹੈ। ਇਸ ਨਾਲ ਪਾਕਿ ਦੀ ਖੇਤੀਬਾੜੀ ਅਤੇ ਖ਼ੁਰਾਕ ਸਪਲਾਈ ਖ਼ਤਰੇ ’ਚ ਪੈ ਸਕਦੀ ਹੈ। ਰਣਨੀਤਕ ਮਾਹਿਰ ਇਹ ਵੀ ਮੰਨਦੇ ਹਨ ਕਿ ਪਾਣੀ ਦਾ ਮੁੱਦਾ ਸਿਰਫ਼ ਕੁਦਰਤੀ ਸਰੋਤਾਂ ਦਾ ਨਹੀਂ, ਸਗੋਂ ਕੌਮੀ ਸੁਰੱਖਿਆ, ਖੇਤੀਬਾੜੀ, ਊਰਜਾ ਅਤੇ ਖੇਤਰੀ ਸਥਿਰਤਾ ਨਾਲ ਵੀ ਜੁੜਿਆ ਹੋਇਆ ਹੈ । ਇਸ ਲਈ ਇਸ ਵਿਵਾਦ ਨੂੰ ਸਿਰਫ਼ ਸਿਆਸੀ ਨਜ਼ਰੀਏ ਨਾਲ ਨਹੀਂ, ਸਗੋਂ ਕੂਟਨੀਤਕ ਅਤੇ ਕਾਨੂੰਨੀ ਪੱਖੋਂ ਵੀ ਵੇਖਣ ਦੀ ਲੋੜ ਹੈ।

Ad Position 22
No active advertisement
ਪਿਛਲੀ ਖ਼ਬਰ ਹੁਣ ਰਾਸ਼ਨ ’ਚ 81.35 ਕਰੋੜ ਲੋਕਾਂ ਨੂੰ ਮਿਲਣਗੇ ਉੱਚ ਗੁਣਵੱਤਾ ਵਾਲੇ ਚੌਲ ਅਗਲੀ ਖ਼ਬਰ ਦਿੱਲੀ ’ਚ ਅੱਤਵਾਦੀ ਹਮਲੇ ਦੀ ਸਾਜਿਸ਼ ਨਾਕਾਮ-ਆਈ.ਐਸ.ਆਈ. ਨਾਲ ਜੁੜੇ 4 ਗ੍ਰਿਫ਼ਤਾਰ
Ad Position 24
No active advertisement