* ਸਾਬਕਾ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਕਈ ਸੀਨੀਅਰ ਆਗੂਆਂ ਵਲੋਂ ਹਾਈਕਮਾਨ ਦੇ ਫ਼ੈਸਲੇ ਦਾ ਵਿਰੋਧ * ਕਾਂਗਰਸ ਪਾਰਟੀ ਦੀ ਇਕਜੁੱਟਤਾ ਆਈ ਸਵਾਲਾਂ ਦੇ ਘੇਰੇ ’ਚ
ਤਰਲੋਚਨ ਸਿੰਘ ਕੰਗ, ਪ੍ਰਿਤਪਾਲ ਸਿੰਘ
ਮੋਰਿੰਡਾ, 3 ਜੁਲਾਈ-ਕਾਂਗਰਸ ਹਾਈਕਮਾਨ ਵਲੋਂ ਪ੍ਰਧਾਨਗੀ ਤੇ ਹੋਰ ਅਹੁਦਿਆਂ ਦੇ ਮੱਦੇਨਜ਼ਰ ਅੱਜ ਮੋਰਿੰਡਾ ਵਿਖੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਗ੍ਰਹਿ ਵਿਖੇ ਹੋਈ ਇਕੱਤਰਤਾ ’ਚ ਵੱਡੀ ਗਿਣਤੀ ’ਚ ਵਿਧਾਇਕ, ਸਾਬਕਾ ਵਿਧਾਇਕ ਤੇ ਸਾਬਕਾ ਮੰਤਰੀ ਸ਼ਾਮਿਲ ਹੋਏ। ਇਸ ਇਕੱਤਰਤਾ ਨੂੰ ਲੈ ਕੇ ਇੰਝ ਜਾਪ ਰਿਹਾ ਹੈ ਕਿ ਪੰਜਾਬ ਕਾਂਗਰਸ ਵਿਚਾਲੇ ਇਕਜੁੱਟਤਾ ਤੇ ਅਨੁਸ਼ਾਸਨ ਨੂੰ ਲੈ ਕੇ ਸਭ ਠੀਕ-ਠਾਕ ਨਹੀਂ ਹੈ। ਅੱਜ ਦੁਪਹਿਰੇ ਸਾਬਕਾ ਮੁੱਖ ਮੰਤਰੀ ਚੰਨੀ ਦੇ ਗ੍ਰਹਿ ਵਿਖੇ ਕਾਂਗਰਸ ਦੇ ਮੌਜੂਦਾ ਵਿਧਾਇਕਾਂ, ਸਾਬਕਾ ਵਿਧਾਇਕਾਂ, ਹਲਕਾ ਇੰਚਾਰਜਾਂ ਦੀ ਬੰਦ ਕਮਰਾ ਗੁਪਤ ਮੀਟਿੰਗ ਹੋਈ, ਜਿਸ ਵਿਚ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਸਾਬਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵਿਰੋਧ ’ਚ ਖੁੱਲ੍ਹ ਕੇ ਬੋਲਦਿਆਂ ਰਾਜਾ ਵੜਿੰਗ ਨੂੰ ਪ੍ਰਧਾਨ ਮੰਨਣ ਤੋਂ ਇਨਕਾਰ ਕਰ ਦਿੱਤਾ। ਕਈ ਕਾਂਗਰਸ ਆਗੂਆਂ, ਜਿਨ੍ਹਾਂ ’ਚ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਵੀ ਸ਼ਾਮਿਲ ਸਨ, ਨੇ ਕਿਹਾ ਕਿ ਇਹ ਮੀਟਿੰਗ ਪੰਜਾਬ ’ਚ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੀ ਜਿੱਤ ਲਈ ਮੀਟਿੰਗ ਬੁਲਾਈ ਗਈ ਹੈ। ਸਮੂਹ ਪੱਤਰਕਾਰ ਭਾਈਚਾਰੇ ਨੂੰ ਮੀਟਿੰਗ ਤੋਂ ਦੂਰ ਰੱਖਿਆ ਗਿਆ। ਮੀਟਿੰਗ ਉਪਰੰਤ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਅਗਵਾਈ ਹੇਠ ਆਗੂਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸ. ਚੰਨੀ ਨੂੰ ਹਾਈਕਮਾਨ ਨਾਲ ਗੱਲਬਾਤ ਕਰਨ ਦੇ ਸਾਰੇ ਅਧਿਕਾਰ ਸੌਂਪ ਦਿੱਤੇ ਹਨ ਤੇ ਜੋ ਵੀ ਉਨ੍ਹਾਂ ਨੂੰ ਠੀਕ ਲੱਗੇਗਾ ਉਹ ਫ਼ੈਸਲਾ ਕਰਨਗੇ। ਇਸੇ ਦੌਰਾਨ ਸ. ਚੰਨੀ ਦੇ ਨੇੜਲੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਮੀਟਿੰਗ ’ਚ ਹਾਜ਼ਰ ਬਹੁਤੇ ਕਾਂਗਰਸੀ ਆਗੂਆਂ ਨੇ ਚੰਨੀ ਨੂੰ ਅਧਿਕਾਰ ਸੌਂਪੇ ਹਨ ਕਿ ਉਹ ਦੁਬਾਰਾ ਹਾਈਕਮਾਨ ਨਾਲ ਪ੍ਰਧਾਨਗੀ ਦੇ ਅਹੁਦੇ ਸੰਬੰਧੀ ਗੱਲਬਾਤ ਕਰਨ। ਮੀਟਿੰਗ ’ਚ ਵਿਧਾਇਕ ਰਾਣਾ ਗੁਰਜੀਤ ਸਿੰਘ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਕੁਲਦੀਪ ਸਿੰਘ ਕਾਲਾ, ਈਸ਼ਰਪ੍ਰੀਤ ਸਿੰਘ ਸਿੱਧੂ, ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਸਾਬਕਾ ਉੱਪ-ਮੁੱਖ ਮੰਤਰੀ ਓ.ਪੀ. ਸੋਨੀ, ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ, ਸਾਬਕਾ ਲੋਕ ਸਭਾ ਮੈਂਬਰ ਮੁਹੰਮਦ ਸਦੀਕ, ਸਾਬਕਾ ਵਿਧਾਇਕ ਲਖਬੀਰ ਸਿੰਘ ਲੱਖਾ, ਕੁਸ਼ਲਦੀਪ ਸਿੰਘ ਢਿੱਲੋਂ, ਅਜੀਤ ਇੰਦਰ ਸਿੰਘ, ਇੰਦਰਬੀਰ ਸਿੰਘ ਬੁਲਾਰੀਆ, ਮਦਨ ਲਾਲ, ਰਮਨਜੀਤ ਸਿੰਘ ਸਿੱਕੀ, ਸੁਖਪਾਲ ਸਿੰਘ ਭੁੱਲਰ, ਹਰਮਿੰਦਰ ਸਿੰਘ ਗਿੱਲ, ਦਵਿੰਦਰ ਸਿੰਘ, ਪਿਰਮਲ ਸਿੰਘ, ਨਾਜਰ ਸਿੰਘ ਮਾਨਸ਼ਾਹੀਆ, ਹਰਪ੍ਰਤਾਪ ਸਿੰਘ ਅਜਨਾਲਾ, ਤਰਸੇਮ ਸਿੰਘ, ਦਰਸ਼ਨ ਸਿੰਘ ਬਰਾੜ, ਜੋਗਿੰਦਰ ਪਾਲ ਸਿੰਘ, ਦਲਵੀਰ ਸਿੰਘ ਗੋਲਡੀ, ਅੰਗਦ ਸੈਣੀ, ਜਸਵਿੰਦਰ ਧੀਮਾਨ, ਸੁਰਿੰਦਰ ਸਿੰਘ, ਦਰਸ਼ਨ ਸਿੰਘ ਜੈਤੋਂ, ਭਗਵੰਤ ਪਾਲ ਸਿੰਘ ਸੱਚਰ, ਸੁਮਿਤ ਸਿੰਘ, ਨਵਜੋਤ ਸਿੰਘ, ਸੁਰਿੰਦਰ ਸਿੰਘ, ਬਲਕੌਰ ਸਿੰਘ ਸਿੱਧੂ, ਵਿਕਰਮ ਬਾਜਵਾ, ਵਰਿੰਦਰ ਸਿੰਘ ਢਿੱਲੋਂ, ਰਾਹੁਲ ਇੰਦਰ ਸਿੰਘ ਸਮੇਤ ਵੱਡੀ ਗਿਣਤੀ ’ਚ ਕਾਂਗਰਸ ਆਗੂਆਂ ਨੇ ਸ਼ਮੂਲੀਅਤ ਕੀਤੀ।
ਪੰਜਾਬ ਕਾਂਗਰਸ ’ਚ ਮਤਭੇਦ ਉੱਭਰੇ-ਕੁਝ ਮੌਜੂਦਾ ਤੇ ਸਾਬਕਾ ਵਿਧਾਇਕਾਂ ਵਲੋਂ ਸੂਬਾ ਪ੍ਰਧਾਨ ਲਈ ਚੰਨੀ ਦਾ ਸਮਰਥਨ
ਅਜੀਤ ਡੈਸਕ
04-07-2026