ਨਵੀਂ ਦਿੱਲੀ, 5 ਜੁਲਾਈ (ਪੀ.ਟੀ.ਆਈ.)-ਐਤਵਾਰ ਨੂੰ ਭਾਰਤ ਭਰ ਵਿੱਚ ਮੌਨਸੂਨ ਦੀ ਗਤੀਵਿਧੀ ਤੇਜ਼ ਹੋ ਗਈ। ਮੁੰਬਈ ਵਿੱਚ ਭਾਰੀ ਬਾਰਿਸ਼ ਨੇ ਉਡਾਣ ਸੰਚਾਲਨ ਵਿਚ ਵਿਘਨ ਪਾਇਆ, ਕੇਰਲ, ਓਡੀਸ਼ਾ ਅਤੇ ਝਾਰਖੰਡ ਵਿੱਚ ਮੌਸਮ ਸੰਬੰਧੀ ਅਲਰਟ ਜਾਰੀ ਕੀਤੇ ਗਏ, ਅਤੇ ਦਿੱਲੀ ਵਿੱਚ ਵੀ ਵਿਆਪਕ ਬਾਰਿਸ਼ ਹੋਈ। ਮੁੰਬਈ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਕਿਉਂਕਿ ਰਾਤ ਭਰ ਸ਼ਹਿਰ ਵਿਚ ਭਾਰੀ ਬਾਰਿਸ਼ ਹੋਈ, ਜਿਸ ਕਾਰਨ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਰਨਵੇਅ ਸੰਚਾਲਨ ਇੱਕ ਘੰਟੇ ਲਈ ਮੁਅੱਤਲ ਕਰਨ ਲਈ ਮਜਬੂਰ ਹੋ ਗਿਆ। ਭਾਰਤ ਮੌਸਮ ਵਿਭਾਗ (ਆਈ.ਐਮ.ਡੀ.) ਨੇ ਐਤਵਾਰ ਲਈ ‘ਰੈੱਡ ਅਲਰਟ’ ਜਾਰੀ ਰੱਖਿਆਅਤੇ ਲਗਾਤਾਰ ਬਾਰਿਸ਼ ਦੀ ਭਵਿੱਖਬਾਣੀ ਕੀਤੀ, ਕੁਝ ਥਾਵਾਂ ’ਤੇ ਬਹੁਤ ਭਾਰੀ ਬਾਰਿਸ਼ ਹੋਈ।ਵਿਘਨਾਂ ਨੇ ਆਉਣ ਵਾਲੀਆਂ ਅਤੇ ਜਾਣ ਵਾਲੀਆਂ ਕਈ ਉਡਾਣਾਂ ਨੂੰ ਪ੍ਰਭਾਵਿਤ ਕੀਤਾ, ਯਾਤਰੀਆਂ ਨੂੰ ਔਸਤਨ 75 ਮਿੰਟ ਰਵਾਨਗੀ ਦੇਰੀ ਅਤੇ ਘੱਟੋ-ਘੱਟ 28 ਮਿੰਟ ਪਹੁੰਚਣ ਵਿਚ ਦੇਰੀ ਦਾ ਸਾਹਮਣਾ ਕਰਨਾ ਪਿਆ। ਮੁੰਬਈ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ ਨੇ ਇੱਕ ਬਿਆਨ ਵਿੱਚ ਕਿਹਾ, “ਸਵੇਰੇ ਲਗਭਗ 10:17 ਵਜੇ, ਖਰਾਬ ਮੌਸਮ - ਜਿਸ ਵਿਚ ਤੇਜ਼ ਹਵਾਵਾਂ ਅਤੇ ਭਾਰੀ ਬਾਰਿਸ਼ ਕਾਰਨ ਘੱਟ ਦ੍ਰਿਸ਼ਟੀ ਸ਼ਾਮਿਲ ਹੈ ਰਨਵੇਅ ਸੰਚਾਲਨ ਨੂੰ ਪ੍ਰਭਾਵਿਤ ਕੀਤਾ।” ਇਸ ਵਿੱਚ ਅੱਗੇ ਕਿਹਾ ਗਿਆ ਹੈ ਕਿ ਮੌਸਮ ਦੀ ਸਥਿਤੀ ਵਿੱਚ ਸੁਧਾਰ ਹੋਣ ਤੋਂ ਬਾਅਦ, ਇੱਕ ਘੰਟੇ ਬਾਅਦ ਰਨਵੇਅ ਦਾ ਕੰਮ ਆਮ ਵਾਂਗ ਹੋ ਗਿਆ। ਅਧਿਕਾਰਤ ਅੰਕੜਿਆਂ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ ਮੁੰਬਈ ਦੇ ਕਈ ਇਲਾਕਿਆਂ ਵਿੱਚ 200 ਮਿਲੀਮੀਟਰ ਤੋਂ ਵੱਧ ਅਤੇ ਕੁਝ ਇਲਾਕਿਆਂ ਵਿੱਚ 300 ਮਿਲੀਮੀਟਰ ਤੱਕ ਬਾਰਿਸ਼ ਦਰਜ ਕੀਤੀ ਗਈ। ਓਡੀਸ਼ਾ ਵਿੱਚ ਸਾਰੇ ਜ਼ਿਲ੍ਹਿਆਂ ਨੂੰ ਹਾਈ ਅਲਰਟ ’ਤੇ ਰੱਖਿਆ ਗਿਆ। ਐਤਵਾਰ ਨੂੰ ਕੇਰਲ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਵਿਆਪਕ ਮੀਂਹ ਪਿਆ, ਜਿਸ ਕਾਰਨ ਸੂਬੇ ਦੇ ਕਈ ਖੇਤਰਾਂ ਵਿੱਚ ਓਰੇਂਜ ਅਤੇ ਯੈਲੋ ਅਲਰਟ ਜਾਰੀ ਕੀਤੇ ਗਏ। ਕੇਰਲ ਰਾਜ ਆਫ਼ਤ ਪ੍ਰਬੰਧਨ ਅਥਾਰਟੀ ਨੇ ਅਧਿਕਾਰੀਆਂ ਦੀ ਸਲਾਹ ‘ਤੇ ਜ਼ਮੀਨ ਖਿਸਕਣ, ਚਿੱਕੜ ਖਿਸਕਣ ਅਤੇ ਅਚਾਨਕ ਹੜ੍ਹਾਂ ਦੇ ਸ਼ਿਕਾਰ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਦੀ ਅਪੀਲ ਕੀਤੀ ਹੈ। ਦਿੱਲੀ ਵਿੱਚ, ਐਤਵਾਰ ਨੂੰ ਰਾਸ਼ਟਰੀ ਰਾਜਧਾਨੀ ਦੇ ਕਈ ਹਿੱਸਿਆਂ ਵਿੱਚ ਦਰਮਿਆਨੀ ਬਾਰਿਸ਼ ਹੋਈ, ਜਿਸ ਨਾਲ ਨਮੀ ਵਾਲੇ ਮੌਸਮ ਤੋਂ ਬਹੁਤ ਲੋੜੀਂਦੀ ਰਾਹਤ ਮਿਲੀ। ਆਈ. ਐੱਮ. ਡੀ. ਦੇ ਅੰਕੜਿਆਂ ਅਨੁਸਾਰ, ਛੱਤਰਪੁਰ ਵਿੱਚ ਦੁਪਹਿਰ 2:30 ਵਜੇ ਤੱਕ ਸਭ ਤੋਂ ਵੱਧ ਬਾਰਿਸ਼ (49 ਮਿਲੀਮੀਟਰ) ਹੋਈ, ਇਸ ਤੋਂ ਬਾਅਦ ਗੁਰੂਗ੍ਰਾਮ (35 ਮਿਲੀਮੀਟਰ), ਮਹਿਰੌਲੀ (18 ਮਿਲੀਮੀਟਰ), ਗ੍ਰੇਟਰ ਨੋਇਡਾ (17 ਮਿਲੀਮੀਟਰ), ਨਜਫਗੜ੍ਹ (8 ਮਿਲੀਮੀਟਰ) ਅਤੇ ਜਨਕਪੁਰੀ (7 ਮਿਲੀਮੀਟਰ) ਹੈ। ਮੌਸਮ ਵਿਭਾਗ ਨੇ ਦਿਨ ਭਰ ਬੱਦਲਵਾਈ ਅਤੇ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ, ਜਿਸ ਵਿੱਚ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਹੈ। ਝਾਰਖੰਡ ਵਿੱਚ, ਆਈ. ਐੱਮ .ਡੀ .ਨੇ 6 ਤੋਂ 9 ਜੁਲਾਈ ਤੱਕ ਸਾਰੇ 24 ਜ਼ਿਲ੍ਹਿਆਂ ਵਿੱਚ ਗਰਜ, ਬਿਜਲੀ ਅਤੇ ਤੇਜ਼ ਹਵਾਵਾਂ ਲਈ ‘ਯੈਲੋ ਅਲਰਟ’ ਜਾਰੀ ਕੀਤਾ ਹੈ। ਸੋਮਵਾਰ ਨੂੰ ਗੜ੍ਹਵਾ, ਪਲਾਮੂ, ਚਤਰਾ, ਹਜ਼ਾਰੀਬਾਗ, ਲਾਤੇਹਾਰ, ਲੋਹਰਦਗਾ, ਗੁਮਲਾ ਅਤੇ ਰਾਂਚੀ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਹੈ।