‘ਕਾਕਰੋਚ ਜਨਤਾ ਪਾਰਟੀ’ ਦੇ ‘ਐਕਸ’ ਅਕਾਊਂਟ ਨੂੰ ਮੁੜ ਚਾਲੂ ਕਰਨ ਦਾ ਆਦੇਸ਼
ਅਜੀਤ ਡੈਸਕ
08-07-2026
ਨਵੀਂ ਦਿੱਲੀ, 7 ਜੁਲਾਈ (ਉਪਮਾ ਡਾਗਾ ਪਾਰਥ)- ਦਿੱਲੀ ਹਾਈ ਕੋਰਟ ਨੇ ਕਾਕਰੋਚ ਜਨਤਾ ਪਾਰਟੀ ਨੂੰ ਵੱਡੀ ਰਾਹਤ ਦਿੰਦਿਆਂ ਉਸ ਦੇ ਸੋਸ਼ਲ ਮੀਡੀਆ ਮੰਚ ‘ਐਕਸ’ ਅਕਾਊਂਟ ਨੂੰ ਮੁੜ ਤੋਂ ਚਾਲੂ ਕਰਨ ਦਾ ਆਦੇਸ਼ ਦਿੱਤਾ ਹੈ। ਇਹ ਆਦੇਸ਼ ਪਾਰਟੀ ਦੇ ਅਭਿਜੀਤ ਦੀਪਕੇ ਦੀ ਪਟੀਸ਼ਨ ’ਤੇ ਦਿੱਤਾ। ਕੇਂਦਰ ਸਰਕਾਰ ਵਲੋਂ ਪੇਸ਼ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਅਕਾਊਂਟ ਇਸ ਲਈ ਬਲਾਕ ਕੀਤਾ ਗਿਆ ਸੀ, ਕਿਉਂਕਿ ਨੀਟ ਪ੍ਰੀਖਿਆ ਦਰਮਿਆਨ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ’ਚ ਭਰਮ ਫ਼ੈਲ ਸਕਦਾ ਸੀ। ਜਸਟਿਸ ਸਵਰਣਕਾਂਤਾ ਸ਼ਰਮਾ ਦੇ ਬੈਂਚ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਚਿੰਤਾ ਹੁਣ ਲਾਗੂ ਨਹੀਂ ਹੁੰਦੀ, ਕਿਉਂਕਿ ਨੀਟ ਪ੍ਰੀਖਿਆ ਖ਼ਤਮ ਹੋ ਚੁੱਕੀ ਹੈ। ਅਦਾਲਤ ਨੇ ਸੀ.ਜੇ.ਪੀ. ਦੇ ‘ਐਕਸ’ ਅਕਾਊਂਟ ਨੂੰ ਬਲਾਕ ਕਰਨ ਦਾ ਆਦੇਸ਼ ਰੱਦ ਕਰਦਿਆਂ ਕਿਹਾ ਕਿ ਪ੍ਰਗਟਾਉਣ ਦੀ ਆਜ਼ਾਦੀ ’ਤੇ ਲਾਈਆਂ ਗਈਆਂ ਅਜਿਹੀਆਂ ਪਾਬੰਦੀਆਂ ਦੀ ਕਾਨੂੰਨੀ ਕਸੌਟੀ ’ਤੇ ਜਾਂਚ ਹੋਣੀ ਜ਼ਰੂਰੀ ਹੈ।