ਰਾਮ ਸਿੰਘ ਬਰਾੜ
ਚੰਡੀਗੜ੍ਹ, 17 ਜੁਲਾਈ -ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰਿਆਣਾ ਦੇ ਜੀਂਦ ਤੇ ਸੋਨੀਪਤ ਨੂੰ ਜੋੜਨ ਵਾਲੀ ਭਾਰਤ ਦੀ ਪਹਿਲੀ ਹਾਈਡ੍ਰੋਜਨ-ਸੰਚਾਲਿਤ ਰੇਲਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਉਨ੍ਹਾਂ ਇਸ ਨੂੰ ਹਰੀ ਗਤੀਸ਼ੀਲਤਾ ਵੱਲ ਇਕ ਵੱਡੀ ਛਾਲ ਤੇ ‘ਮੇਕ ਇਨ ਇੰਡੀਆ’ ਮੁਹਿੰਮ ਦੀ ਇਕ ਸਫਲ ਉਦਾਹਰਣ ਦੱਸਿਆ। ਇਸ ਨਾਲ ਭਾਰਤ ਉਨ੍ਹਾਂ ਦੇਸ਼ਾਂ ਦੇ ਚੋਣਵੇਂ ਸਮੂਹ ’ਚ ਸ਼ਾਮਿਲ ਹੋ ਗਿਆ ਹੈ, ਜਿਨ੍ਹਾਂ ਕੋਲ ਹਾਈਡ੍ਰੋਜਨ-ਸੰਚਾਲਿਤ ਰੇਲਗੱਡੀਆਂ ਚੱਲ ਰਹੀਆਂ ਹਨ ਤੇ ਰੇਲਵੇ ਖੇਤਰ ’ਚ ਸਾਫ਼ ਤੇ ਟਿਕਾਊ ਗਤੀਸ਼ੀਲਤਾ ਨੂੰ ਅਪਣਾਉਣ ਵੱਲ ਇਕ ਮਹੱਤਵਪੂਰਨ ਕਦਮ ਹੈ। ਜੀਂਦ ਤੋਂ ਰੇਲਗੱਡੀ ਨੂੰ ਹਰੀ ਝੰਡੀ ਦਿਖਾਉਣ ਤੋਂ ਬਾਅਦ ਪ੍ਰਧਾਨ ਮੰਤਰੀ ਨੇ 14,700 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਪ੍ਰਾਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ ਤੇ ਨੀਂਹ ਪੱਥਰ ਰੱਖੇ। ਹਾਈਡ੍ਰੋਜਨ ਨਾਲ ਚੱਲਣ ਵਾਲੀ ਰੇਲਗੱਡੀ ਨੂੰ ਹਰੀ ਝੰਡੀ ਦਿਖਾਉਣ ਤੋਂ ਬਾਅਦ ਮੋਦੀ ਨੇ 14,700 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ, ਜਿਸ ਨਾਲ ਸੜਕ ਸੰਪਰਕ, ਸਿਹਤ ਸੰਭਾਲ ਤੇ ਸੱਭਿਆਚਾਰਕ ਵਿਰਾਸਤ ਨੂੰ ਹੁਲਾਰਾ ਮਿਲਿਆ। ਇਨ੍ਹਾਂ ਪ੍ਰਾਜੈਕਟਾਂ ’ਚੋਂ 157.92 ਕਿਲੋਮੀਟਰ ਲੰਬਾ ਚਾਰ-ਮਾਰਗੀ, ਪੂਰੀ ਤਰ੍ਹਾਂ ਪਹੁੰਚ-ਨਿਯੰਤਰਿਤ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈੱਸਵੇਅ ਹੈ, ਜਿਸ ਨੂੰ ਲਗਭਗ 9,680 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤਾ ਗਿਆ ਹੈ। ਉਨ੍ਹਾਂ ਐਨ.ਐਚ.-7 ਤੇ ਐਨ.ਐਚ.-344 ‘ਤੇ 33.81 ਕਿਲੋਮੀਟਰ ਚਾਰ-ਮਾਰਗੀ, ਅੰਸ਼ਕ ਤੌਰ ’ਤੇ ਪਹੁੰਚ-ਨਿਯੰਤਰਿਤ ਅੰਬਾਲਾ-ਕਾਲਾ ਅੰਬ ਹਾਈਵੇਅ ਦਾ ਵੀ ਉਦਘਾਟਨ ਕੀਤਾ। ਹੋਰ ਪ੍ਰੋਜੈਕਟਾਂ ਦੇ ਨਾਲ-ਨਾਲ ਪ੍ਰਧਾਨ ਮੰਤਰੀ ਨੇ ਕੁਰੂਕਸ਼ੇਤਰ ਵਿਖੇ ਇਕ ਸਿੱਖ ਅਜਾਇਬ ਘਰ ਦਾ ਨੀਂਹ ਪੱਥਰ ਰੱਖਿਆ, ਜੋ ਸਿੱਖ ਧਰਮ ਦੇ ਇਤਿਹਾਸ, ਸਿੱਖ ਗੁਰੂਆਂ ਦੀਆਂ ਸਿੱਖਿਆਵਾਂ, ਉਨ੍ਹਾਂ ਦੀ ਹਿੰਮਤ, ਕੁਰਬਾਨੀਆਂ ਤੇ ਭਾਰਤ ਦੀ ਸੱਭਿਅਤਾ ’ਚ ਸਿੱਖ ਭਾਈਚਾਰੇ ਦੇ ਅਨਮੋਲ ਯੋਗਦਾਨ ਨੂੰ ਪ੍ਰਦਰਸ਼ਿਤ ਕਰੇਗਾ। ਮੋਦੀ ਨੇ ਕਿਹਾ ਕਿ ਇਹ ਜੀਂਦ ਦੀ ਧਰਤੀ ਹੈ, ਜੋ ਮਹਾਰਾਜਾ ਰਣਜੀਤ ਸਿੰਘ ਦੀ ਸ਼ਾਨ ਦੇ ਨਾਲ-ਨਾਲ ਪਾਂਡਵਾਂ ਨਾਲ ਜੁੜੇ ਵਿਸ਼ਵਾਸ ਨਾਲ ਜੁੜੀ ਹੋਈ ਹੈ। ਇਸ ਮੌਕੇ ਰੈਲੀ ਨੂੰ ਸੰਬੋਧਨ ਕਰਿਦਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਹਾਈਡ੍ਰੋਜਨ-ਸੰਚਾਲਿਤ ਰੇਲਗੱਡੀ ਆਤਮ-ਨਿਰਭਰ ਭਾਰਤ ਤੇ ਸਾਫ਼ ਭਵਿੱਖ ਲਈ ਤਿਆਰ ਆਵਾਜਾਈ ਪ੍ਰਤੀ ਸਾਡੀ ਵਚਨਬੱਧਤਾ ਦਾ ਮਾਣਮੱਤਾ ਪ੍ਰਤੀਕ ਹੈ। ਅੱਜ ਭਾਰਤੀ ਰੇਲਵੇ ਨੇ ਇਕ ਵੱਡਾ ਕਦਮ ਚੁੱਕਿਆ ਹੈ ਤੇ ਇਹ ਦੁਨੀਆ ਦੀ ਸਭ ਤੋਂ ਸ਼ਕਤੀਸ਼ਾਲੀ ਹਾਈਡ੍ਰੋਜਨ ਰੇਲਗੱਡੀ ਹੈ। ਜੀਂਦ ਤੇ ਸੋਨੀਪਤ ਵਿਚਕਾਰ 89 ਕਿਲੋਮੀਟਰ ਦੀ ਦੂਰੀ ਦੋ ਘੰਟਿਆਂ ’ਚ ਤੈਅ ਹੋਵੇਗੀ, ਜਿਸ ’ਚ ਰੇਲਗੱਡੀ 12 ਵਿਚਕਾਰਲੇ ਸਟੇਸ਼ਨਾਂ ‘ਤੇ ਰੁਕੇਗੀ। ਇਸ ਮੌਕੇ ਨੇ ਕਾਂਗਰਸ ਦੀ ਅਗਵਾਈ ਵਾਲੀ ਪਿਛਲੀ ਯੂ.ਪੀ.ਏ. ਸਰਕਾਰ ‘ਤੇ ਤਿੱਖਾ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ 2014 ਤੋਂ ਪਹਿਲਾਂ ਪੱਛਮੀ ਏਸ਼ੀਆ ਦੇ ਟਕਰਾਅ ਕਾਰਨ ਸਥਿਤੀ ਪੈਦਾ ਹੁੰਦੀ ਤਾਂ ਭਾਰਤੀ ਰੇਲਵੇ ਦਾ ਕੰਮ ਠੱਪ ਹੋ ਜਾਂਦਾ, ਕਿਉਂਕਿ ਦੇਸ਼ ਦੇ ਵੱਡੇ ਹਿੱਸਿਆਂ ’ਚ ਰੇਲਗੱਡੀਆਂ ਮੁੱਖ ਤੌਰ ’ਤੇ ਡੀਜ਼ਲ ’ਤੇ ਚੱਲਦੀਆਂ ਸਨ। ਉਨ੍ਹਾਂ ਕਿਹਾ ਕਿ ਉਸ ਸਮੇਂ, ਸਾਡੇ ਦੇਸ਼ ਦੇ ਵੱਡੇ ਹਿੱਸਿਆਂ ’ਚ ਸਾਡੀਆਂ ਰੇਲਗੱਡੀਆਂ ਸਿਰਫ਼ ਡੀਜ਼ਲ ‘ਤੇ ਚੱਲਦੀਆਂ ਸਨ। ਜੇਕਰ ਡੀਜ਼ਲ ਦੀ ਸਪਲਾਈ ’ਚ ਵਿਘਨ ਪੈਂਦਾ ਤਾਂ ਡੀਜ਼ਲ ਨਾਲ ਚੱਲਣ ਵਾਲੀਆਂ ਰੇਲਗੱਡੀਆਂ ਕਿਵੇਂ ਚੱਲਦੀਆਂ? ਦੇਸ਼ ਨੂੰ ਇਕ ਵੱਡੇ ਸੰਕਟ ਦਾ ਸਾਹਮਣਾ ਕਰਨਾ ਪੈਂਦਾ, ਪਰ ਦੋਸਤੋ, ਇਹ 2014 ਦੀ ਸਥਿਤੀ ਨਹੀਂ ਹੈ। ਇਹ ਮੋਦੀ ਹਨ, ਜੋ ਪਹਿਲਾਂ ਤੋਂ ਚੰਗੀ ਤਰ੍ਹਾਂ ਸੋਚਦੇ ਹਨ ਤੇ ਜ਼ਮੀਨੀ ਪੱਧਰ ‘ਤੇ ਸਮੱਸਿਆਵਾਂ ਦੇ ਹੱਲ ਨੂੰ ਹਕੀਕਤ ’ਚ ਬਦਲਦੇ ਹਨ। ਪੱਛਮੀ ਏਸ਼ੀਆ ਦੇ ਟਕਰਾਅ ਦਾ ਹਵਾਲਾ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਤੁਸੀਂ ਦੇਖ ਰਹੇ ਹੋ ਕਿ ਪਿਛਲੇ ਕਈ ਮਹੀਨਿਆਂ ਤੋਂ ਪੱਛਮੀ ਏਸ਼ੀਆ ’ਚ ਹੋਰਮੁਜ਼ ਜਲਡਮਰੂ ਦੇ ਪੂਰੇ ਖੇਤਰ, ਜਿਸ ’ਚ ਈਰਾਨ ਤੇ ਖਾੜੀ ਸ਼ਾਮਿਲ ਹਨ, ਯੁੱਧ ਚੱਲ ਰਿਹਾ ਹੈ। ਇਸ ਸਮੁੰਦਰੀ ਰਸਤੇ ਰਾਹੀਂ ਹੀ ਭਾਰਤ ਨੂੰ ਸਾਡੇ ਕਿਸਾਨਾਂ ਲਈ ਵੱਡੀ ਮਾਤਰਾ ’ਚ ਪੈਟਰੋਲ, ਡੀਜ਼ਲ, ਐਲ.ਪੀ.ਜੀ. ਗੈਸ ਤੇ ਖਾਦ ਮਿਲਦੀ ਹੈ, ਪਰ ਪਿਛਲੇ ਤਿੰਨ ਤੋਂ ਚਾਰ ਮਹੀਨਿਆਂ ਤੋਂ ਇਹ ਰਸਤਾ ਲਗਾਤਾਰ ਜੰਗ ਦਾ ਮੈਦਾਨ ਬਣਿਆ ਹੋਇਆ ਹੈ, ਸੰਕਟ ਨਾਲ ਘਿਰਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਭਾਰਤੀ ਰੇਲਵੇ ਨੇ 21ਵੀਂ ਸਦੀ ਦੀ ਇਸ ਤਕਨਾਲੋਜੀ ’ਚ ਇਕ ਵੱਡਾ ਕਦਮ ਚੁੱਕਿਆ ਹੈ, ਕਿਉਂਕਿ ਸਿਰਫ਼ ਤਿੰਨ ਤੋਂ ਚਾਰ ਦੇਸ਼ਾਂ ਕੋਲ ਹਾਈਡ੍ਰੋਜਨ ਨਾਲ ਚੱਲਣ ਵਾਲੀ ਰੇਲਗੱਡੀ ਚਲਾਉਣ ਦੀ ਸਮਰੱਥਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਰੇਲਗੱਡੀ ’ਚ 3200 ਹਾਰਸਪਾਵਰ ਹੈ ਤੇ ਇਹ ਨਾ ਸਿਰਫ਼ ਸਭ ਤੋਂ ਸ਼ਕਤੀਸ਼ਾਲੀ ਹੈ ਸਗੋਂ ਸਭ ਤੋਂ ਲੰਬੀ (10 ਕੋਚ) ਵੀ ਹੈ। ਉਨ੍ਹਾਂ ਕਿਹਾ ਕਿ ਦੁਨੀਆ ਦੇ ਹੋਰ ਸਥਾਨਾਂ ’ਤੇ ਹਾਈਡ੍ਰੋਜਨ ਰੇਲਗੱਡੀ ’ਚ ਸਿਰਫ਼ ਤਿੰਨ ਤੋਂ ਚਾਰ ਕੋਚ ਹਨ, ਪਰ ਭਾਰਤ ’ਚ ਇਸ ਰੇਲਗੱਡੀ ’ਚ 10 ਕੋਚ ਹਨ। ਉਨ੍ਹਾਂ ਕਿਹਾ ਕਿ 10 ਕੋਚਾਂ ਵਾਲੀ ਹਾਈਡ੍ਰੋਜਨ ਰੇਲਗੱਡੀ ਚਲਾ ਕੇ ਭਾਰਤ ਨੇ ਦੁਨੀਆ ’ਚ ਆਪਣੀ ਮੌਜੂਦਗੀ ਸਥਾਪਿਤ ਕਰ ਲਈ ਹੈ। ਇੱਥੇ ਜੀਂਦ ’ਚ ਇਸ ਲਈ ਸਾਰੀਆਂ ਚੀਜ਼ਾਂ ਬਣਾਈਆਂ ਗਈਆਂ ਹਨ। ਆਉਣ ਵਾਲੇ ਸਮੇਂ ’ਚ, ਹਾਈਡ੍ਰੋਜਨ ਰੇਲਗੱਡੀ ਨਾਲ ਜੁੜੇ ਹੋਰ ਬੁਨਿਆਦੀ ਢਾਂਚੇ ਬਣਾਏ ਜਾਣਗੇ। ਨਵੀਆਂ ਫੈਕਟਰੀਆਂ ਬਣਨਗੀਆਂ, ਜੋ ਹਾਈਡ੍ਰੋਜਨ ਰੇਲ ਨੈੱਟਵਰਕ ਦੀ ਜ਼ਰੂਰਤ ਨੂੰ ਪੂਰਾ ਕਰਨਗੀਆਂ। ਇਸ ਨਾਲ ਹਰਿਆਣਾ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਜੀਂਦ ਨਾਲ ਆਪਣੇ ਸੰਬੰਧਾਂ ਨੂੰ ਯਾਦ ਕਰਦੇ ਹੋਏ ਉਨ੍ਹਾਂ ਕਿਹਾ ਕਿ ਮੈਂ ਉਸ ਪਿਆਰ ਨੂੰ ਨਹੀਂ ਭੁੱਲ ਸਕਦਾ, ਜੋ ਮੈਨੂੰ ਮਿਲਿਆ ਹੈ।” ਜੀਂਦ ਦਾ ‘ਘੀ’ ਤੇ ‘ਘੇਵਰ’ ਕਈ ਸਾਲਾਂ ਤੋਂ ਨਹੀਂ ਬਦਲਿਆ, ਪਰ ਇਸ ਦਾ ‘ਤੇਵਰ’ (ਰਵੱਈਆ) ਬਦਲਿਆ ਹੈ। ਉਨ੍ਹਾਂ ਕਿਹਾ ਕਿ ਜੀਂਦ ਭਾਜਪਾ ਤੇ ਐਨ.ਡੀ.ਏ. ਦੇ ਚੰਗੇ ਸ਼ਾਸਨ ਦਾ ਇਕ ਮਾਡਲ ਬਣ ਰਿਹਾ ਹੈ। ਜਦੋਂ ਵੀ ਹਾਈਡ੍ਰੋਜਨ ਰੇਲ ਗੱਡੀ ਦਾ ਜ਼ਿਕਰ ਆਉਂਦਾ ਹੈ ਤਾਂ ਜੀਂਦ, ਸੋਨੀਪਤ ਤੇ ਹਰਿਆਣਾ ਦੇ ਨਾਂਅ ਆਉਣਗੇ, ਮੈਂ ਪੂਰੇ ਦੇਸ਼ ਨੂੰ ਵਧਾਈ ਦਿੰਦਾ ਹਾਂ। ਆਪਣੇ ਭਾਸ਼ਨ ਦੌਰਾਨ ਮੋਦੀ ਨੇ ਜੀਂਦ ’ਚ ‘ਸਵੱਛਤਾ ਸੇ ਸਵਾਗਤ’ (ਸਫਾਈ ਰਾਹੀਂ ਸਵਾਗਤ) ਮੁਹਿੰਮ ਦਾ ਵੀ ਜ਼ਿਕਰ ਕੀਤਾ, ਜੋ ਉਨ੍ਹਾਂ ਦੀ ਫੇਰੀ ਤੋਂ ਪਹਿਲਾਂ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀ ਸੀ। ਉਨ੍ਹਾਂ ਕਿਹਾ ਕਿ ਮੈਂ ਜੀਂਦ ਤੇ ਹਰਿਆਣਾ ਦੇ ਲੋਕਾਂ ਦੀ ਇਸ ਸਵੱਛਤਾ ਮੁਹਿੰਮ ’ਚ ਉਤਸ਼ਾਹ ਨਾਲ ਹਿੱਸਾ ਲੈਣ ਲਈ ਪ੍ਰਸ਼ੰਸਾ ਕਰਾਂਗਾ। ਪਿਛਲੇ ਇਕ ਹਫ਼ਤੇ ਦੌਰਾਨ ਇਸ ਮੁਹਿੰਮ ਬਾਰੇ ਬਹੁਤ ਚਰਚਾ ਹੋ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਵੱਛਤਾ ਨੂੰ ਕੁਦਰਤ, ਉਨ੍ਹਾਂ ਦੀ ਕਦਰ ਪ੍ਰਣਾਲੀ ਤੇ ਉਨ੍ਹਾਂ ਦੇ ਰੋਜ਼ਾਨਾ ਜੀਵਨ ਦਾ ਇਕ ਅਨਿੱਖੜਵਾਂ ਅੰਗ ਬਣਾਉਣ।
ਪ੍ਰਧਾਨ ਮੰਤਰੀ ਵਲੋਂ ਹਰਿਆਣਾ ’ਚ ਦੇਸ਼ ਦੀ ਪਹਿਲੀ ਹਾਈਡ੍ਰੋਜਨ ਰੇਲ ਗੱਡੀ ਨੂੰ ਹਰੀ ਝੰਡੀ
ਅਜੀਤ ਡੈਸਕ
18-07-2026