03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਮੁੱਖ ਮੰਤਰੀ ਭਗਵੰਤ ਮਾਨ ਵਲੋਂ ਮੋਗਾ ਵਿਖੇ ਕੈਪੀਟੋਲ ਹਸਪਤਾਲ ਦਾ ਉਦਘਾਟਨ

Ad Position 21
No active advertisement
ਅਜੀਤ ਡੈਸਕ 26-07-2026

ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ, ਗੁਰਮੀਤ ਸਿੰਘ ਖ਼ਾਲਸਾ
ਮੋਗਾ, 25 ਜੁਲਾਈ-ਮੋਗਾ ਵਿਖੇ ਆਧੁਨਿਕ ਸਹੂਲਤਾਂ ਨਾਲ ਬਣੇ 120 ਬੈੱਡਾਂ ਦੇ ਕੈਪੀਟੋਲ ਹਸਪਤਾਲ ਦਾ ਉਦਘਾਟਨ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕੀਤਾ ਗਿਆ । ਉਦਘਾਟਨੀ ਸਮਾਰੋਹ ਦੀ ਸ਼ੁਰੂਆਤ ਮੁੱਖ ਮੰਤਰੀ ਭਗਵੰਤ ਮਾਨ, ਡਾ. ਬਰਜਿੰਦਰ ਸਿੰਘ ਹਮਦਰਦ, ਸਿਹਤ ਮੰਤਰੀ ਡਾ. ਬਲਵੀਰ ਸਿੰਘ, ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ, ਡਾ. ਸੀ.ਐਸ. ਪਰੂਥੀ, ਮੈਡੀਕਲ ਡਾਇਰੈਕਟਰ ਡਾ. ਹਰਨੂਰ ਸਿੰਘ ਤੇ ਹਾਜ਼ਰ ਮਹਿਮਾਨਾਂ ਵਲੋਂ ਸ਼ਮ੍ਹਾਂ ਰੌਸ਼ਨ ਕਰਕੇ ਕੀਤੀ ਗਈ। ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸੋਚ ਸੀ ਪੰਜਾਬ ਨੂੰ ਜੇ ਖ਼ੁਸ਼ਹਾਲ ਬਣਾਉਣਾ ਹੈ ਤਾਂ ਸੂਬੇ ਵਿਚ ਸਿਹਤ, ਸਿੱਖਿਆ ਦਾ ਪੱਧਰ ਸੁਖਾਲਾ ਤੇ ਵਧੀਆ ਬਣਾਉਣਾ ਪਵੇਗਾ ਤਾਂ ਜੋ ਇਹ ਦੋਨੋਂ ਚੀਜ਼ਾਂ ਸੂਬੇ ਦੇ ਹਰ ਆਦਮੀ ਤੱਕ ਆਸਾਨੀ ਨਾਲ ਪਹੁੰਚ ਸਕਣ । ਉਨ੍ਹਾਂ ਕਿਹਾ ਕਿ ਇਸੇ ’ਤੇ ਕੰਮ ਕਰਦੇ ਹੋਏ ਪੰਜਾਬ ਸਰਕਾਰ ਨੇ ਸਿੱਖਿਆ ਦੇ ਖੇਤਰ ਵਿਚ ਕੰਮ ਕਰਕੇ ਸਰਕਾਰੀ ਸਕੂਲਾਂ ਦਾ ਪੱਧਰ ਇੰਨਾ ਵਧੀਆ ਬਣਾਇਆ ਕਿ ਅੱਜ ਪੰਜਾਬ ਜੋ ਪਹਿਲਾਂ 27ਵੇਂ ਨੰਬਰ ’ਤੇ ਸੀ, ਹੁਣ ਕੇਰਲ ਵਰਗੇ ਸੂਬੇ ਤੋਂ ਵੀ ਅੱਗੇ ਹੈ । ਉਨ੍ਹਾਂ ਕਿਹਾ ਕਿ ਸਰਕਾਰ ਦੀ ਸਿਹਤ ਕ੍ਰਾਂਤੀ ਦੀ ਗੱਡੀ ਵੀ ਪੂਰੀ ਰਫ਼ਤਾਰ ’ਤੇ ਹੈ। ਉਨ੍ਹਾਂ ਕਿਹਾ ਕਿ 990 ਆਮ ਆਦਮੀ ਕਲੀਨਿਕ ਪਹਿਲਾਂ ਖੁੱਲ੍ਹੇ ਤੇ 100 ਹੋਰ ਨਵੇਂ ਬਣੇ ਹਨ, ਜਿਨ੍ਹਾਂ ’ਚ ਸਾਢੇ 5 ਕਰੋੜ ਤੱਕ ਦੀ ਓ.ਪੀ.ਡੀ. ਹੋ ਚੁੱਕੀ ਹੈ। ਲੋਕ ਮੁਫ਼ਤ ਟੈਸਟ ਤੇ ਦਵਾਈਆਂ ਦਾ ਲਾਭ ਲੈ ਰਹੇ ਹਨ । ਉਨ੍ਹਾਂ ਕਿਹਾ ਕਿ ਚੰਗੇ ਡਾਕਟਰ ਰੱਬ ਦਾ ਰੂਪ ਹੁੰਦੇ ਹਨ ਤੇ ਡਾ. ਪਰੂਥੀ ਵਧਾਈ ਦੇ ਪਾਤਰ ਹਨ ਕਿ ਉਨ੍ਹਾਂ ਨੇ ਪੰਜਾਬ ਦਾ ਦਿਲ ਕਹੇ ਜਾਣ ਵਾਲੇ ਸ਼ਹਿਰ ਮੋਗਾ ਵਿਚ ਆਧੁਨਿਕ ਸਹੂਲਤਾਂ ਨਾਲ ਲੈਸ ਹਸਪਤਾਲ ਬਣਾਇਆ ਹੈ । ਉਨ੍ਹਾਂ ਕਿਹਾ ਕਿ ਇਸ ਹਸਪਤਾਲ ਵਿਚ ਵੀ ਆਮ ਲੋਕਾਂ ਨੂੰ 10 ਲੱਖ ਬੀਮਾ ਯੋਜਨਾ ਕਾਰਡ ਰਾਹੀਂ ਮੁਫ਼ਤ ਲਾਭ ਮਿਲੇਗਾ । ਇਸ ਮੌਕੇ ਡਾ. ਬਰਜਿੰਦਰ ਸਿੰਘ ਹਮਦਰਦ ਨੇ ਮੁੱਖ ਮੰਤਰੀ ਭਗਵੰਤ ਮਾਨ, ਸਿਹਤ ਮੰਤਰੀ ਬਲਵੀਰ ਸਿੰਘ, ਵਿਧਾਇਕਾਂ ਤੇ ਹੋਰਨਾਂ ਸ਼ਖ਼ਸੀਅਤਾਂ ਦਾ ਇੱਥੇ ਪੁੱਜਣ ’ਤੇ ਆਪਣੇ ਵਲੋਂ ਧੰਨਵਾਦ ਕਰਦਿਆਂ ਕਿਹਾ ਕਿ ਕਿਸੇ ਵੀ ਸੂਬੇ ਦੀ ਮੁੱਖ ਜ਼ਰੂਰਤ ਤੇ ਭਵਿੱਖ ਸਿਹਤ ਤੇ ਸਿੱਖਿਆ ਨਾਲ ਜੁੜਿਆ ਹੁੰਦਾ ਹੈ ਤੇ ਜਿਹੜੀਆਂ ਸਰਕਾਰਾਂ ਇਸ ਦਿਸ਼ਾ ਵੱਲ ਸਹੀ ਕਦਮ ਪੁੱਟ ਕੇ ਗੰਭੀਰਤਾ ਨਾਲ ਕੰਮ ਕਰਦੀਆਂ ਹਨ, ਉਨ੍ਹਾਂ ਦੇ ਕੰਮਾਂ ਦੀ ਭਵਿੱਖ ’ਚ ਵੀ ਚਰਚਾ ਹੁੰਦੀ ਰਹੇਗੀ । ਉਨ੍ਹਾਂ ਨੇ ਸਿਹਤ ਸੇਵਾਵਾਂ ਵੱਲ ਵਧਦੇ ਕਦਮਾਂ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਵੀ ਸ਼ਲਾਘਾ ਕੀਤੀ । ਕੈਪੀਟੋਲ ਹਸਪਤਾਲ ਦੇ ਸੰਸਥਾਪਕ ਡਾ. ਸੀ.ਐਸ. ਪਰੂਥੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਜਲੰਧਰ ਦੇ ਗੁਰੂ ਨਾਨਕ ਮਿਸ਼ਨ ਹਸਪਤਾਲ ਤੋਂ ਉਨ੍ਹਾਂ ਆਪਣੇ ਕਿੱਤੇ ਦਾ ਸਫ਼ਰ ਸ਼ੁਰੂ ਕੀਤਾ ਤੇ ਫਿਰ ਬੀ.ਬੀ.ਸੀ. ਹਾਰਟ ਕੇਅਰ ਹਸਪਤਾਲ ਬਣਾ ਕੇ ਚੰਗੀ ਇਲਾਜ ਪ੍ਰਣਾਲੀ ਨਾਲ ਜਲੰਧਰ ਤੋਂ ਇਲਾਵਾ ਪੂਰੇ ਪੰਜਾਬ ’ਚ ਆਪਣਾ ਨਾਂਅ ਬਣਾਇਆ । ਉਨ੍ਹਾਂ ਕਿਹਾ ਕਿ ਜਲੰਧਰ ਤੇ ਮੋਗਾ ਕੈਪੀਟੋਲ ਹਸਪਤਾਲ ਦੇ ਚੇਅਰਮੈਨ ਡਾ. ਸੀ.ਐਸ. ਪਰੂਥੀ, ਮੈਡੀਕਲ ਡਾਇਰੈਕਟਰ ਡਾ. ਹਰਨੂਰ ਸਿੰਘ ਪਰੂਥੀ ਵਲੋਂ ਹਰ ਨਾਮੁਰਾਦ ਬਿਮਾਰੀ ਲਈ ਆਧੁਨਿਕ ਇਲਾਜ ਪ੍ਰਣਾਲੀ ਦਾ ਯਕੀਨਨ ਮੋਗਾ ਵਾਸੀਆਂ ਨੂੰ ਵੱਡਾ ਲਾਭ ਮਿਲੇਗਾ । ਉਨ੍ਹਾਂ ਬੀ.ਬੀ.ਸੀ. ਹਾਰਟ ਕੇਅਰ ਪਰੂਥੀ ਹਸਪਤਾਲ ਜਲੰਧਰ ਦਾ ਨਾਂਅ ਵੀ ਉੱਚਾ ਕੀਤਾ । ਡਾ. ਹਮਦਰਦ ਨੇ ਮੋਗਾ ਵਿਚ ਸ਼ੁਰੂ ਕੀਤੇ ਇਸ ਹਸਪਤਾਲ ਲਈ ਪ੍ਰਬੰਧਕਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ । ਸਿਹਤ ਮੰਤਰੀ ਬਲਵੀਰ ਸਿੰਘ ਨੇ ਵੀ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਵਲੋਂ ਚੱਲ ਰਹੀਆਂ ਸਿਹਤ ਸੇਵਾਵਾਂ ਬਾਰੇ ਅੰਕੜਿਆਂ ਸਮੇਤ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਤੇ ਡਾ. ਪਰੂਥੀ ਵਲੋਂ ਇਸ ਇਲਾਕੇ ’ਚ ਸ਼ੁਰੂ ਕੀਤੀਆਂ ਸਿਹਤ ਸੇਵਾਵਾਂ ਲਈ ਵਧਾਈ ਦਿੱਤੀ । ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਨੇ ਸਾਢੇ ਚਾਰ ਸਾਲਾਂ ਵਿਚ ਸਿਹਤ ਸਹੂਲਤਾਂ ਤੇ ਸਿੱਖਿਆ ਦੇ ਖੇਤਰ ਵਿਚ ਬੁਲੰਦੀਆਂ ਸਰ ਕੀਤੀਆਂ ਹਨ ਤੇ ਹੁਣ ਮੋਗਾ ਵਿਖੇ ਡਾ. ਸੀ.ਐਸ. ਪਰੂਥੀ ਵਲੋਂ ਖੋਲ੍ਹਿਆ ਗਿਆ 120 ਬੈੱਡਾਂ ਦਾ ਹਸਪਤਾਲ ਜ਼ਿਲ੍ਹਾ ਮੋਗਾ ਤੇ ਸਮੁੱਚੇ ਮਾਲਵੇ ਨੂੰ ਆਧੁਨਿਕ ਸਿਹਤ ਸਹੂਲਤਾਂ ਪ੍ਰਦਾਨ ਕਰੇਗਾ। ਇਸ ਮੌਕੇ ਪਰਮਵੀਰ ਸਿੰਘ, ਹਰਪ੍ਰੀਤ ਸਿੰਘ ਜਲੰਧਰ, ਚਰਨਜੀਤ ਸਿੰਘ ਚੰਨੀ ਚਾਂਸਲਰ ਸੀ.ਟੀ. ਯੂਨੀਵਰਸਿਟੀ, ਨਗਰ ਨਿਗਮ ਮੋਗਾ ਦੇ ਮੇਅਰ ਵਿਨੇਪਾਲ ਕੌਰ, ਸੀਨੀਅਰ ਡਿਪਟੀ ਮੇਅਰ ਰਾਕੇਸ਼ ਕੁਮਾਰ ਕਾਲਾ ਬਜਾਜ, ਡਿਪਟੀ ਮੇਅਰ ਗੌਰਵ ਗਰਗ, ਡਿਪਟੀ ਕਮਿਸ਼ਨਰ ਸਾਗਰ ਸੇਤੀਆ, ਐਸ.ਐਸ.ਪੀ. ਮੋਗਾ ਸਰਤਾਜ ਸਿੰਘ ਚਾਹਲ, ਐਡਵੋਕੇਟ ਪ੍ਰੇਮ ਸਿੰਘ, ਡਾ. ਸੰਜੀਵ ਕੁਮਾਰ ਸੈਣੀ ਚੇਅਰਮੈਨ ਬੀ.ਬੀ.ਐਸ. ਗਰੁੱਪ, ਇੰਦਰਪਾਲ ਸਿੰਘ ਬੱਬੀ, ਪ੍ਰੇਮ ਚੰਦ ਚੱਕੀ ਵਾਲੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ, ਵਿਜੇ ਭੂਸ਼ਨ ਟੀਟੂ ਕੌਂਸਲਰ, ਅਰਵਿੰਦਰ ਸਿੰਘ ਹੈਪੀ ਕਾਨਪੁਰੀਆ ਕੌਂਸਲਰ, ਡਾ. ਹਰਜਿੰਦਰ ਸਿੰਘ ਸਿੱਧੂ ਅੰਮ੍ਰਿਤ ਹਸਪਤਾਲ ਮੋਗਾ, ਡਾ. ਅਨਿਲਜੀਤ ਕੰਬੋਜ, ਗੁਰਪ੍ਰੀਤ ਸਿੰਘ ਕੰਬੋਜ ਪ੍ਰਧਾਨ ਫ਼ਤਿਹਗੜ੍ਹ ਪੰਜਤੂਰ, ਸਚਿਨ ਧੀਰ ਪ੍ਰਧਾਨ ਨਗਰ ਪੰਚਾਇਤ, ਡਾ. ਅਰੁਣ ਅਗਰਵਾਲ, ਰਾਜਵੀਰ ਅਰੋੜਾ, ਪੀ.ਆਰ.ਓ. ਵਿਸ਼ੇਸ਼ ਖਹਿਰਾ, ਚਰਨਜੀਵ ਸਿੰਘ ਪੰਨੂ ਠੇਕੇਦਾਰ, ਰਵਿੰਦਰ ਸਿੰਘ ਰਾਜੂ ਵਾਈਨ ਕੰਟਰੈਕਟਰ, ਰਵਿੰਦਰ ਗੋਇਲ ਸੀ.ਏ. ਉੱਘੇ ਉਦਯੋਗਪਤੀ, ਨਰੇਸ਼ ਕੁਮਾਰ ਕਿੱਟੂ ਉੱਘੇ ਉਦਯੋਗਪਤੀ ਤੋਂ ਇਲਾਵਾ ਸ਼ਹਿਰ ਤੇ ਇਲਾਕੇ ਦੇ ਪਤਵੰਤੇ, ਪੰਚ, ਸਰਪੰਚ, ਡਾਕਟਰ ਸਾਹਿਬਾਨ ਵੱਡੀ ਗਿਣਤੀ ’ਚ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਸਾਰਨਾਥ ਯੂਨੈਸਕੋ ਦੀ ਵਿਸ਼ਵ ਵਿਰਾਸਤ ਸੂਚੀ ’ਚ ਸ਼ਾਮਿਲ ਅਗਲੀ ਖ਼ਬਰ ਗੈਂਗਸਟਰ ਜੋਬਨਜੀਤ ਬਿੱਲਾ ਨੂੰ ਇੰਡੋਨੇਸ਼ੀਆ ਤੋਂ ਭਾਰਤ ਲਿਆਂਦਾ
Ad Position 24
No active advertisement