14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

‘ਆਪ’ ਸਰਕਾਰ ਖ਼ਿਲਾਫ਼ ਧਰਨੇ ਦੇ ਬਹਾਨੇ ਸਚਿਨ ਪਾਇਲਟ ਦਾ ਵੱਡਾ ‘ਸਿਆਸੀ ਪੈਂਤੜਾ’ ਪਹਿਲੀ ਪੰਜਾਬ ਫੇਰੀ ਦੌਰਾਨ ‘ਇਕ ਤੀਰ’ ਨਾਲ ਲਾਉਣਾ ਚਾਹੁੰਦੇ ਹਨ ‘ਕਈ ਨਿਸ਼ਾਨੇ’

‘ਆਪ’ ਸਰਕਾਰ ਖ਼ਿਲਾਫ਼ ਧਰਨੇ ਦੇ ਬਹਾਨੇ ਸਚਿਨ ਪਾਇਲਟ ਦਾ ਵੱਡਾ ‘ਸਿਆਸੀ ਪੈਂਤੜਾ’ ਪਹਿਲੀ ਪੰਜਾਬ ਫੇਰੀ ਦੌਰਾਨ ‘ਇਕ ਤੀਰ’ ਨਾਲ ਲਾਉਣਾ ਚਾਹੁੰਦੇ ਹਨ ‘ਕਈ ਨਿਸ਼ਾਨੇ’

Ad Position 21
repet_subhas-goyals [Copy P29]
ਅਜੀਤ ਡੈਸਕ 15-09-2026

ਸਾਰੇ ਆਗੂਆਂ ਸੰਬੰਧੀ ਰਿਪੋਰਟ ਹਾਈਕਮਾਨ ਨੂੰ ਦੇਣਗੇ ਪਾਇਲਟ

ਵਿਕਰਮਜੀਤ ਸਿੰਘ ਮਾਨ
ਚੰਡੀਗੜ੍ਹ, 14 ਸਤੰਬਰ -ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਵਜੋਂ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਸਚਿਨ ਪਾਇਲਟ ਦੀ ਕੱਲ੍ਹ 15 ਸਤੰਬਰ ਨੂੰ ਹੋਣ ਵਾਲੀ ਪਹਿਲੀ ਪੰਜਾਬ ਫੇਰੀ ਨੂੰ ਸਿਰਫ਼ ਆਮ ਸਿਆਸੀ ਦੌਰੇ ਵਜੋਂ ਨਹੀਂ ਦੇਖਿਆ ਜਾ ਰਿਹਾ। ਪਾਰਟੀ ਅੰਦਰ ਚੱਲ ਰਹੀ ਧੜੇਬੰਦੀ, ਆਗੂਆਂ ਵਿਚਾਲੇ ਆਪਸੀ ਦੂਰੀ ਤੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੀ ਤਿਆਰੀ ਦੇ ਮੱਦੇਨਜ਼ਰ ਪਾਇਲਟ ਦਾ ਇਹ ਦੌਰਾ ਕਈ ਪੱਖੋਂ ਅਹਿਮ ਮੰਨਿਆ ਜਾ ਰਿਹਾ ਹੈ। ਪਾਇਲਟ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਰੱਖੇ ਗਏ ਧਰਨੇ ਦੀ ਅਗਵਾਈ ਕਰਨਾ ਭਾਵੇਂ ਇਸ ਦੌਰੇ ਦਾ ਮੁੱਖ ਜਨਤਕ ਏਜੰਡਾ ਹੋਵੇਗਾ, ਪਰ ਪਾਰਟੀ ਦੇ ਅੰਦਰੂਨੀ ਹਲਕਿਆਂ ’ਚ ਇਸ ਨੂੰ ਉਨ੍ਹਾਂ ਦੀ ਵੱਡੀ ਸਿਆਸੀ ਰਣਨੀਤੀ ਦਾ ਪਹਿਲਾ ਪੜਾਅ ਮੰਨਿਆ ਜਾ ਰਿਹਾ ਹੈ। ਸਿਆਸੀ ਤੌਰ ’ਤੇ ਦੇਖਿਆ ਜਾਵੇ ਤਾਂ ਸਰਕਾਰ ਖ਼ਿਲਾਫ਼ ਸੰਘਰਸ਼ ਦੇ ਬਹਾਨੇ ਪਾਇਲਟ ਇਕੋ ਸਮੇਂ ਪਾਰਟੀ ਦੇ ਸੰਗਠਨ ਦੀ ਤਾਕਤ, ਆਗੂਆਂ ਦੀ ਇਕਜੁੱਟਤਾ, ਸਰਗਰਮੀ ਅਤੇ ਜ਼ਮੀਨੀ ਪੱਧਰ ’ਤੇ ਕਾਂਗਰਸ ਦੀ ਸਥਿਤੀ ਨੂੰ ਪਰਖਣ ਦੀ ਕੋਸ਼ਿਸ਼ ਕਰਨਗੇ। ਸਭ ਤੋਂ ਵੱਡੀ ਚੁਣੌਤੀ ਪੰਜਾਬ ਕਾਂਗਰਸ ਵਿਚ ਲੰਮੇ ਸਮੇਂ ਤੋਂ ਚੱਲ ਰਹੀ ਅੰਦਰੂਨੀ ਖਿੱਚੋਤਾਣ ਹੈ। ਪਾਰਟੀ ਦੇ ਕਈ ਆਗੂਆਂ ਦੇ ਆਪੋ-ਆਪਣੇ ਸਿਆਸੀ ਧੜੇ ਅਤੇ ਸਮੀਕਰਨ ਹਨ। ਅਜਿਹੇ ਵਿਚ ਪਾਇਲਟ ਲਈ ਪਹਿਲਾ ਟੀਚਾ ਇਹ ਪਤਾ ਲਗਾਉਣਾ ਹੋਵੇਗਾ ਕਿ ਕਿਹੜਾ ਆਗੂ ਸੰਗਠਨ ਨੂੰ ਮਜ਼ਬੂਤ ਕਰਨ ਲਈ ਕਿੰਨਾ ਸਰਗਰਮ ਹੈ ਅਤੇ ਕੌਣ ਆਪਣੀ ਨਿੱਜੀ ਸਿਆਸੀ ਸਥਿਤੀ ਨੂੰ ਪਹਿਲ ਦੇ ਰਿਹਾ ਹੈ ਕਿਉਂਕਿ ਇਸ ਧਰਨੇ ਨੂੰ ਸਫਲ ਬਣਾਉਣ ਲਈ ਵੱਡੇ ਆਗੂਆਂ ਤੋਂ ਲੈ ਕੇ ਹੇਠਲੇ ਪੱਧਰ ਦੇ ਸਾਰੇ ਆਗੂਆਂ ਦੀ ਡਿਊਟੀ ਲਗਾਈ ਗਈ ਹੈ। 15 ਸਤੰਬਰ ਦੇ ਪ੍ਰੋਗਰਾਮ ਨੂੰ ਇਸੇ ਲਈ ਪਾਇਲਟ ਲਈ ਇਕ ਤਰ੍ਹਾਂ ਦੀ ‘ਸਿਆਸੀ ਪਰਖ’ ਵਜੋਂ ਵੀ ਦੇਖਿਆ ਜਾ ਰਿਹਾ ਹੈ। ਧਰਨੇ ਵਿਚ ਆਗੂਆਂ ਤੇ ਵਰਕਰਾਂ ਦੀ ਸ਼ਮੂਲੀਅਤ, ਵੱਖ-ਵੱਖ ਧੜਿਆਂ ਦੀ ਸਰਗਰਮੀ, ਆਗੂਆਂ ਵਿਚਾਲੇ ਤਾਲਮੇਲ ਤੇ ਜ਼ਮੀਨੀ ਵਰਕਰਾਂ ਦੀ ਮੌਜੂਦਗੀ ਵਰਗੇ ਪੱਖਾਂ ’ਤੇ ਪਾਇਲਟ ਦੀ ਨਜ਼ਰ ਰਹਿਣ ਦੀ ਸੰਭਾਵਨਾ ਹੈ। ਇਸ ਦੌਰੇ ਤੋਂ ਬਾਅਦ ਉਹ ਪੰਜਾਬ ਕਾਂਗਰਸ ਦੀ ਅਸਲ ਤਸਵੀਰ ਬਾਰੇ ਹਾਈਕਮਾਨ ਨੂੰ ਫੀਡਬੈਕ ਦੇ ਸਕਦੇ ਹਨ। ਇਸ ਤੋਂ ਇਲਾਵਾ ਪਾਇਲਟ ਦਾ ਇਕ ਹੋਰ ਨਿਸ਼ਾਨਾ ਆਮ ਆਦਮੀ ਪਾਰਟੀ ਦੀ ਸਰਕਾਰ ਖ਼ਿਲਾਫ਼ ਕਾਂਗਰਸ ਨੂੰ ਮੁੱਖ ਵਿਰੋਧੀ ਧਿਰ ਵਜੋਂ ਮੁੜ ਸਥਾਪਿਤ ਕਰਨਾ ਹੋ ਸਕਦਾ ਹੈ। ਦੱਸਿਆ ਜਾ ਰਿਹਾ ਕਿ ਨਵੇਂ ਇੰਚਾਰਜ ਦਾ ਪੰਜਾਬ ਆਉਣ ਤੋਂ ਪਹਿਲਾਂ ਹੀ ਇਹ ਮੰਨਣਾ ਹੈ ਕਿ ਪੰਜਾਬ ਵਿਚ ਵਿਰੋਧੀ ਧਿਰ ਵਜੋਂ ਕਾਂਗਰਸ ਨੂੰ ਆਪਣੀ ਸਿਆਸੀ ਧਾਰ ਹੋਰ ਤੇਜ਼ ਕਰਨ ਦੀ ਲੋੜ ਹੈ। ਪਾਇਲਟ ਦਾ ਧਰਨਾ ਇਸੇ ਦਿਸ਼ਾ ਵਿਚ ਕਾਂਗਰਸ ਨੂੰ ਸੜਕਾਂ ’ਤੇ ਸਰਗਰਮ ਕਰਨ ਦੀ ਸ਼ੁਰੂਆਤ ਵੀ ਮੰਨੀ ਜਾ ਰਹੀ ਹੈ। ਦੂਜੇ ਪਾਸੇ 2027 ਦੀਆਂ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਪਾਇਲਟ ਲਈ ਇਹ ਵੀ ਮਹੱਤਵਪੂਰਨ ਹੋਵੇਗਾ ਕਿ ਪਾਰਟੀ ਦੇ ਸੰਭਾਵੀ ਚਿਹਰਿਆਂ, ਵਿਧਾਇਕਾਂ, ਸਾਬਕਾ ਵਿਧਾਇਕਾਂ ਅਤੇ ਸੀਨੀਅਰ ਆਗੂਆਂ ਦੀ ਜ਼ਮੀਨੀ ਪਕੜ ਦਾ ਅੰਦਾਜ਼ਾ ਲਾਇਆ ਜਾਵੇ। ਕਿਹੜਾ ਆਗੂ ਆਪਣੇ ਹਲਕੇ ਵਿਚ ਪ੍ਰਭਾਵਸ਼ਾਲੀ ਹੈ, ਕੌਣ ਵਰਕਰਾਂ ਨੂੰ ਨਾਲ ਲੈ ਕੇ ਚੱਲ ਰਿਹਾ ਹੈ ਅਤੇ ਕਿਹੜੇ ਆਗੂ ਆਪਣੇ ਹਲਕਿਆਂ ਵਿਚ ਕਿੰਨੇ ਹਰਮਨ ਪਿਆਰੇ ਹਨ , ਇਹ ਸਾਰੇ ਪੱਖ ਆਉਣ ਵਾਲੇ ਸਮੇਂ ਵਿਚ ਟਿਕਟ ਵੰਡ ਤੋਂ ਲੈ ਕੇ ਸੰਗਠਨਾਤਮਿਕ ਫ਼ੈਸਲਿਆਂ ਤੱਕ ਅਹਿਮ ਭੂਮਿਕਾ ਨਿਭਾਅ ਸਕਦੇ ਹਨ।
ਇਸ ਤਰ੍ਹਾਂ ਪਾਇਲਟ ਦੀ ਪਹਿਲੀ ਪੰਜਾਬ ਫੇਰੀ ਦਾ ਸਿਆਸੀ ਸੰਦੇਸ਼ ਸਿਰਫ਼ ‘ਸਰਕਾਰ ਖ਼ਿਲਾਫ਼ ਧਰਨਾ’ ਤੱਕ ਸੀਮਤ ਨਹੀਂ ਰਹਿਣ ਵਾਲਾ। ਇਕ ਪਾਸੇ ਉਹ ‘ਆਪ’ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰਨਗੇ, ਦੂਜੇ ਪਾਸੇ ਪੰਜਾਬ ਕਾਂਗਰਸ ਦੇ ਅੰਦਰੂਨੀ ਸਮੀਕਰਨਾਂ ਨੂੰ ਸਮਝਣਗੇ ਅਤੇ ਤੀਜੇ ਪਾਸੇ 2027 ਲਈ ਪਾਰਟੀ ਦੀ ਜ਼ਮੀਨੀ ਤਿਆਰੀ ਦਾ ਜਾਇਜ਼ਾ ਲੈਣਗੇ। ਇਸੇ ਲਈ ਸਿਆਸੀ ਹਲਕਿਆਂ ਵਿਚ ਪਾਇਲਟ ਦੀ ਪਹਿਲੀ ਪੰਜਾਬ ਫੇਰੀ ਨੂੰ ‘ਇਕ ਤੀਰ ਨਾਲ ਕਈ ਨਿਸ਼ਾਨੇ’ ਲਾਉਣ ਵਾਲੇ ਸਿਆਸੀ ਪੈਂਤੜੇ ਵਜੋਂ ਦੇਖਿਆ ਜਾ ਰਿਹਾ ਹੈ।

Ad Position 22
No active advertisement
ਪਿਛਲੀ ਖ਼ਬਰ ਹਾਈਕਮਾਨ ਨੇ 4 ਸਾਲਾਂ ’ਚ 3 ਇੰਚਾਰਜ ਬਦਲੇ, ਪਰ ਪੰਜਾਬ ਕਾਂਗਰਸ ਦੇ ਅੰਦਰੂਨੀ ਹਾਲਾਤ ਨਹੀਂ ਬਦਲੇ ਅਗਲੀ ਖ਼ਬਰ ਝੋਨੇ ਦੀ ਵਾਢੀ ਅੱਜ ਤੋਂ, ਸਿਰੇ ਨਹੀਂ ਚੜ੍ਹ ਸਕੀ ਪਰਾਲੀ ਦੀ ਅੱਗ ਰੋਕਣ ਲਈ ਡਰੋਨ ਦੀ ਵਰਤੋਂ ਬਾਰੇ ਯੋਜਨਾ
Ad Position 24