ਸੱਤਪਾਲ ਸਿੰਘ ਸਿਵੀਆਂ
ਬਠਿੰਡਾ, 14 ਸਤੰਬਰ-ਪੰਜਾਬ ਕਾਂਗਰਸ ਦਾ ਅੰਦਰੂਨੀ ‘ਕਾਟੋ-ਕਲੇਸ਼’ ਜਿਉਂ ਦਾ ਤਿਉਂ ਬਰਕਰਾਰ ਹੈ, ਜਿਸ ਨੂੰ ਖਤਮ ਕਰਨ ਵਿਚ ਸਫ਼ਲ ਨਾ ਹੋਣ ’ਤੇ ਹੁਣ ਤੱਕ ਕਾਂਗਰਸ ਹਾਈਕਮਾਨ ਵਲੋਂ ਪੰਜਾਬ ਕਾਂਗਰਸ ਦੇ ਤਿੰਨ ਇੰਚਾਰਜ ਬਦਲੇ ਜਾ ਚੁੱਕੇ ਹਨ ਤੇ ਹੁਣ ਚੌਥੇ ਇੰਚਾਰਜ ਵਜੋਂ ਗੁਆਂਢੀ ਸੂਬੇ ਰਾਜਸਥਾਨ ਦੇ ਸਾਬਕਾ ਉੱਪ-ਮੁੱਖ ਮੰਤਰੀ ਸਚਿਨ ਪਾਇਲਟ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਸਚਿਨ ਪਾਇਲਟ ਅੱਜ ਰਸਮੀ ਤੌਰ ’ਤੇ ਪਹਿਲੀ ਵਾਰ ਪੰਜਾਬ ਪੁੱਜ ਰਹੇ ਹਨ, ਜਿਸ ਦੌਰਾਨ ਉਹ ਪੰਜਾਬ ਅੰਦਰ ਭਖੇ ਪਿੰਡ ਤੂਰਬੰਜ਼ਾਰਾਂ ਦੇ ਮਜ਼ਦੂਰ ਗੁਲਜ਼ਾਰ ਸਿੰਘ ਦੀ ਖੁਦਕੁਸ਼ੀ ਮਾਮਲੇ ਦੇ ਸੰਬੰਧ ਵਿਚ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਚੰਡੀਗੜ੍ਹ ਸਥਿਤ ਘਰ ਮੂਹਰੇ ਪੰਜਾਬ ਕਾਂਗਰਸ ਵਲੋਂ ਕੀਤੇ ਜਾਣ ਵਾਲੇ ਰੋਸ ਪ੍ਰਦਰਸ਼ਨ ’ਚ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨਗੇ। ਦੇਖਣਾ ਹੋਵੇਗਾ ਕਿ ਉਨ੍ਹਾਂ ਦੀ ਪਹਿਲੀ ਆਮਦ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਧੜਿਆਂ ਦੀ ਏਕਤਾ ਇਸ ਪ੍ਰਦਰਸ਼ਨ ’ਚ ਦਿਖਾਈ ਦਿੰਦੀ ਹੈ ਜਾਂ ਸਚਿਨ ਲਈ ਵੀ ਹੋਰਾਂ ਇੰਚਾਰਜਾਂ ਵਾਂਗ ਚੁਣੌਤੀ ਬਣ ਕੇ ਖੜ੍ਹੀ ਹੁੰਦੀ ਹੈ । ਪੰਜਾਬ ਕਾਂਗਰਸ ਦੀ ਅੰਦਰੂਨੀ ਖਾਨਾਜੰਗੀ ਦੌਰਾਨ ਹੁਣ ਤੱਕ ਰਹੇ ਇੰਚਾਰਜਾਂ ’ਤੇ ਨਜ਼ਰ ਮਾਰੀ ਜਾਵੇ ਤਾਂ 2021 ’ਚ ਕਾਂਗਰਸ ਹਾਈਕਮਾਨ ਵਲੋਂ ਹਰੀਸ਼ ਚੌਧਰੀ ਨੂੰ ਪੰਜਾਬ ਕਾਂਗਰਸ ਦਾ ਇੰਚਾਰਜ ਬਣਾਇਆ ਗਿਆ, ਪਰ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਵਿਚ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਅਤੇ ਚਰਨਜੀਤ ਸਿੰਘ ਚੰਨੀ ਵਿਚਕਾਰ ਤਣਾਅ ਕਿਸੇ ਤੋਂ ਲੁਕਿਆ ਨਹੀਂ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਹ ਕੇ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਬਾਅਦ ਵੀ ਇਹ ਖਿੱਚੋਤਾਣ ਖ਼ਤਮ ਨਹੀਂ ਹੋਈ, ਜਿਸ ਦਾ ਖਮਿਆਜ਼ਾ ਪੰਜਾਬ ਕਾਂਗਰਸ ਨੂੰ 2022 ਦੀਆਂ ਚੋਣਾਂ ’ਚ ਭੁਗਤਣਾ ਪਿਆ । ਹਰੀਸ਼ ਚੌਧਰੀ ਤੋਂ ਇਹ ਖਾਨਾਜੰਗੀ ਲੋਟ ਨਾ ਆਉਂਦੀ ਦੇਖ ਹਾਈਕਮਾਨ ਨੇ ਆਗਾਮੀ ਲੋਕ ਸਭਾ ਚੋਣਾਂ ਨੂੰ ਦੇਖਦਿਆਂ ਦਸੰਬਰ 2023 ਵਿਚ ਦੇਵੇਂਦਰ ਯਾਦਵ ਨੂੰ ਪੰਜਾਬ ਦੀ ਜ਼ਿੰਮੇਵਾਰੀ ਸੌਂਪ ਦਿੱਤੀ । ਯਾਦਵ ਦੇ ਕਾਰਜਕਾਲ ਦੌਰਾਨ ਵੀ ਨਵਜੋਤ ਸਿੱਧੂ ਅਤੇ ਪ੍ਰਤਾਪ ਸਿੰਘ ਬਾਜਵਾ ਵਿਚਕਾਰ ਸਿਆਸੀ ਮਤਭੇਦ ਚਰਚਾ ਵਿਚ ਰਹੇ । ਇਸੇ ਦੌਰ ਵਿਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਸੰਭਾਵਿਤ ਚੋਣ ਗੱਠਜੋੜ ਨੇ ਪੰਜਾਬ ਕਾਂਗਰਸ ਵਿਚ ਨਵੀਂ ਲਕੀਰ ਖਿੱਚ ਦਿੱਤੀ । ਕਈ ਸੂਬਾਈ ਆਗੂ ਪੰਜਾਬ ਵਿਚ ‘ਆਪ’ ਨਾਲ ਸਮਝੌਤੇ ਦੇ ਵਿਰੋਧ ਵਿਚ ਸਨ। ਆਖ਼ਰਕਾਰ ਕਾਂਗਰਸ ਨੇ ਪੰਜਾਬ ਵਿਚ ਲੋਕ ਸਭਾ ਚੋਣਾਂ ਇਕੱਲਿਆਂ ਲੜੀਆਂ ਤੇ ਸੂਬੇ ਦੀਆਂ ਕੁੱਲ 13 ਸੀਟਾਂ ’ਚੋਂ 8 ’ਤੇ ਜਿੱਤ ਪ੍ਰਾਪਤ ਕੀਤੀ, ਪਰ ਪੰਜਾਬ ਕਾਂਗਰਸ ਦੀ ਖਿਚੋਤਾਣ ਯਾਦਵ ਵੀ ਖਤਮ ਨਹੀਂ ਕਰ ਸਕੇ, ਜਿਸ ਲਈ ਯਾਦਵ ਨੂੰ ਪਾਸੇ ਕਰਕੇ 14 ਫਰਵਰੀ 2025 ਨੂੰ ਭੁਪੇਸ਼ ਬਘੇਲ ਨੂੰ ਪੰਜਾਬ ਕਾਂਗਰਸ ਦਾ ਇੰਚਾਰਜ ਬਣਾ ਦਿੱਤਾ ਗਿਆ ਪਰ ਉਨ੍ਹਾਂ ਦੇ ਕਾਰਜਕਾਲ ਵਿਚ ਵੜਿੰਗ ਅਤੇ ਚੰਨੀ ਧੜਿਆਂ ਵਿਚਕਾਰ ਖਿੱਚੋਤਾਣ ਹੋਰ ਉਭਰ ਕੇ ਸਾਹਮਣੇ ਆਈ । ਬਘੇਲ ’ਤੇ ਰਾਜਾ ਵੜਿੰਗ ਦਾ ਪੱਖ ਪੂਰਨ ਦੇ ਦੋਸ਼ ਲੱਗੇ, ਜਿਸ ਕਾਰਨ ਉਹ ਨਿਸ਼ਾਨੇ ’ਤੇ ਆਏ ਅਤੇ ਰਾਜਾ ਵੜਿੰਗ ਦੇ ਜੱਦੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਤੇ ਉਨ੍ਹਾਂ ਦੇ ਸੰਸਦੀ ਹਲਕਾ ਲੁਧਿਆਣਾ ਵਿਚ ‘ਬਘੇਲ ਗੋ ਬੈਕ’ ਦੇ ਨਾਅਰੇ ਅਤੇ ਪੋਸਟਰ ਲੱਗਣ ਕਰਕੇ ਮਾਹੌਲ ਹੋਰ ਤਣਾਅਪੂਰਨ ਹੋ ਗਿਆ । ਬੇਸ਼ੱਕ ਹਾਈਕਮਾਨ ਨੇ ਇਸ ਲੜਾਈ ਨੂੰ ਠੱਲ੍ਹਣ ਲਈ ਜੁਲਾਈ 2026 ਵਿਚ ਵੜਿੰਗ ਨੂੰ ਪੰਜਾਬ ਕਾਂਗਰਸ ਪ੍ਰਧਾਨ ਵਜੋਂ ਕਾਇਮ ਰੱਖਣ ਅਤੇ ਚੰਨੀ ਨੂੰ ਚੋਣ ਮੁਹਿੰਮ ਕਮੇਟੀ ਦਾ ਚੇਅਰਮੈਨ ਬਣਾਕੇ ਦੋਵੇਂ ਧੜਿਆਂ ਨੂੰ ਸੰਤੁਲਿਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਸਫਲਤਾ ਨਹੀਂ ਮਿਲੀ । ਇਸ ਤੋਂ ਬਾਅਦ ਆਖਰ ਕਾਂਗਰਸ ਹਾਈਕਮਾਨ ਨੇ ਬੀਤੇ 5 ਸਤੰਬਰ ਨੂੰ ਭੁਪੇਸ਼ ਬਘੇਲ ਨੂੰ ਲਾਂਭੇ ਕਰਦਿਆਂ ਸਚਿਨ ਪਾਇਲਟ ਨੂੰ ਪੰਜਾਬ ਦਾ ਨਵਾਂ ਇੰਚਾਰਜ ਬਣਾ ਦਿੱਤਾ । ਹੁਣ ਸਵਾਲ ਇਹ ਨਹੀਂ ਕਿ ਸਚਿਨ ਪਾਇਲਟ ਕਿੰਨੇ ਸਮੇਂ ਤੱਕ ਪੰਜਾਬ ਦੇ ਇੰਚਾਰਜ ਰਹਿਣਗੇ, ਅਸਲ ਸਵਾਲ ਇਹ ਹੈ ਕਿ, ਕੀ ਉਹ ਕਾਂਗਰਸ ਦੇ ਧੜਿਆਂ ਨੂੰ ਟਿਕਟਾਂ, ਸੰਗਠਨ ਅਤੇ ਮੁੱਖ ਮੰਤਰੀ ਦੇ ਚਿਹਰੇ ਵਰਗੇ ਸੰਵੇਦਨਸ਼ੀਲ ਮੁੱਦਿਆਂ ’ਤੇ ਇਕ ਮੰਚ ’ਤੇ ਲਿਆ ਸਕਣਗੇ, ਕਿਉਂਕਿ 2027 ਦੀ ਜੰਗ ਵਿਚ ਕਾਂਗਰਸ ਦਾ ਸਭ ਤੋਂ ਵੱਡਾ ਵਿਰੋਧੀ ਸਿਰਫ਼ ਸੱਤਾਧਾਰੀ ਆਮ ਆਦਮੀ ਪਾਰਟੀ ਜਾਂ ਹੋਰ ਵਿਰੋਧੀ ਧਿਰਾਂ ਨਹੀਂ ਹੋਣਗੀਆਂ, ਉਸ ਨੂੰ ਪਹਿਲੀ ਲੜਾਈ ਆਪਣੇ ਘਰ ਅੰਦਰ ਹੀ ਲੜਨੀ ਪਵੇਗੀ ।
ਹਾਈਕਮਾਨ ਨੇ 4 ਸਾਲਾਂ ’ਚ 3 ਇੰਚਾਰਜ ਬਦਲੇ, ਪਰ ਪੰਜਾਬ ਕਾਂਗਰਸ ਦੇ ਅੰਦਰੂਨੀ ਹਾਲਾਤ ਨਹੀਂ ਬਦਲੇ
ਹਾਈਕਮਾਨ ਨੇ 4 ਸਾਲਾਂ ’ਚ 3 ਇੰਚਾਰਜ ਬਦਲੇ, ਪਰ ਪੰਜਾਬ ਕਾਂਗਰਸ ਦੇ ਅੰਦਰੂਨੀ ਹਾਲਾਤ ਨਹੀਂ ਬਦਲੇ
ਅਜੀਤ ਡੈਸਕ
15-09-2026