18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਬਰਤਾਨਵੀ ਨਾਗਰਿਕ ਜੱਗੀ ਜੌਹਲ ਨੂੰ ਮਿਲੀ ਜ਼ਮਾਨਤ

ਨਵੀਂ ਦਿੱਲੀ, 18 ਸਤੰਬਰ (ਜਗਤਾਰ ਸਿੰਘ)-ਦਿੱਲੀ ਹਾਈ ਕੋਰਟ ਨੇ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੌਹਲ ਉਰਫ਼ ਜੱਗੀ ਜੌਹਲ ਨੂੰ ਯੂ.ਏ.ਪੀ.ਏ. ਤੇ ਕਤਲ ਦੇ ਸੱਤ (7) ਮਾਮਲਿਆਂ ਵਿਚ ਜ਼ਮਾਨਤ ਦੇ ਦਿੱਤੀ ਹੈ। ਸ਼ੁੱਕਰਵਾਰ ਨੂੰ ਦਿੱਲੀ ..

Ad Position 21
No active advertisement
ਅਜੀਤ ਡੈਸਕ 19-09-2026

ਨਵੀਂ ਦਿੱਲੀ, 18 ਸਤੰਬਰ (ਜਗਤਾਰ ਸਿੰਘ)-ਦਿੱਲੀ ਹਾਈ ਕੋਰਟ ਨੇ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੌਹਲ ਉਰਫ਼ ਜੱਗੀ ਜੌਹਲ ਨੂੰ ਯੂ.ਏ.ਪੀ.ਏ. ਤੇ ਕਤਲ ਦੇ ਸੱਤ (7) ਮਾਮਲਿਆਂ ਵਿਚ ਜ਼ਮਾਨਤ ਦੇ ਦਿੱਤੀ ਹੈ। ਸ਼ੁੱਕਰਵਾਰ ਨੂੰ ਦਿੱਲੀ ਹਾਈ ਕੋਰਟ ਦੀ ਜਸਟਿਸ ਨਵੀਨ ਚਾਵਲਾ ਤੇ ਜਸਟਿਸ ਰਵਿੰਦਰ ਡੁਡੇਜਾ ਦੀ ਬੈਂਚ ਨੇ ਜੱਗੀ ਜੌਹਲ ਦੀਆਂ ਜ਼ਮਾਨਤ ਅਰਜ਼ੀਆਂ ਮਨਜ਼ੂਰ ਕਰ ਲਈਆਂ। ਇਹ ਮਾਮਲੇ 2016-17 ਦੌਰਾਨ ਪੰਜਾਬ ਦੇ ਲੁਧਿਆਣਾ ਤੇ ਜਲੰਧਰ ਵਿੱਚ ਹੋਈਆਂ ਮਿੱਥ ਕੇ ਹੱਤਿਆਵਾਂ ਨਾਲ ਸਬੰਧਤ ਹਨ। ਜੌਹਲ ਨੂੰ 2017 ਵਿਚ ਯੂ.ਏ.ਪੀ.ਏ. ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਉਸ ’ਤੇ ਇਨ੍ਹਾਂ ਹੱਤਿਆਵਾਂ ਦੀ ਸਾਜ਼ਿਸ਼ ਵਿਚ ਸ਼ਾਮਲ ਹੋਣ ਦੇ ਦੋਸ਼ ਲਗਾਏ ਗਏ ਸਨ। ਮਾਮਲਿਆਂ ਦੀ ਜਾਂਚ ਐਨ.ਆਈ.ਏ. ਵੱਲੋਂ ਕੀਤੀ ਗਈ। ਜਿਸ ਦੌਰਾਨ ਉਸ ’ਤੇ ਕੁੱਲ 11 ਮਾਮਲੇ ਚੱਲੇ, ਇਨ੍ਹਾਂ ਵਿਚੋਂ 3 ਮਾਮਲਿਆਂ ਵਿਚ ਉਹ ਪਹਿਲਾਂ ਹੀ ਬਰੀ ਹੋ ਚੁੱਕਾ ਹੈ। ਬਾਕੀ 8 ਮਾਮਲਿਆਂ ਵਿਚੋਂ 1 ਕੇਸ ਵਿਚ ਪਹਿਲਾਂ ਹੀ ਜ਼ਮਾਨਤ ਮਿਲ ਚੁੱਕੀ ਸੀ ਤੇ ਹੁਣ ਬਾਕੀ ਰਹਿੰਦੇ ਸਾਰੇ 7 ਮਾਮਲਿਆਂ ਵਿਚ ਵੀ ਦਿੱਲੀ ਹਾਈ ਕੋਰਟ ਨੇ ਜ਼ਮਾਨਤ ਮਨਜ਼ੂਰ ਕਰ ਲਈ ਹੈ। ਦੱਸਣਯੋਗ ਹੈ ਕਿ ਟ੍ਰਾਇਲ ਕੋਰਟ ਵੱਲੋਂ ਜੱਗੀ ਜੌਹਲ ਦੀ ਜ਼ਮਾਨਤ ਅਰਜ਼ੀ ਖ਼ਾਰਜ ਕੀਤੇ ਜਾਣ ਤੋਂ ਬਾਅਦ ਜੌਹਲ ਨੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ, ਜਿਸ ਨੇ 15 ਜੁਲਾਈ 2026 ਨੂੰ ਇਨ੍ਹਾਂ ਮਾਮਲਿਆਂ ਨੂੰ ਦੁਬਾਰਾ ਸੁਣਵਾਈ ਲਈ ਦਿੱਲੀ ਹਾਈ ਕੋਰਟ ਭੇਜਿਆ ਸੀ। ਹਾਈ ਕੋਰਟ ਨੇ ਤਾਜ਼ਾ ਸੁਣਵਾਈ ਤੋਂ ਬਾਅਦ 7 ਸਤੰਬਰ ਨੂੰ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ, ਜੋ 18 ਸਤੰਬਰ ਨੂੰ ਸੁਣਾਇਆ ਗਿਆ।
ਵਿਆਹ ਤੋਂ ਸਿਰਫ਼ 2 ਹਫ਼ਤੇ ਬਾਅਦ ਕੀਤਾ ਗਿਆ ਸੀ ਗ੍ਰਿਫ਼ਤਾਰ
ਲੰਡਨ/ਗਲਾਸਗੋ (ਮਨਪ੍ਰੀਤ ਸਿੰਘ ਬੱਧਨੀ ਕਲਾਂ/ਹਰਜੀਤ ਸਿੰਘ ਦੁਸਾਂਝ)-ਸਕਾਟਲੈਂਡ ਦੇ ਡੰਬਰਟਨ ਵਾਸੀ 39 ਸਾਲਾ ਜੱਗੀ ਜੌਹਲ ਦੇ ਪਰਿਵਾਰ ਮੁਤਾਬਿਕ ਉਸ ਨੂੰ ਨਵੰਬਰ 2017 ’ਚ ਪੰਜਾਬ ’ਚ ਆਪਣੇ ਵਿਆਹ ਤੋਂ ਸਿਰਫ਼ 2 ਹਫ਼ਤੇ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸਦੇ ਭਰਾ ਗੁਰਪ੍ਰੀਤ ਸਿੰਘ ਜੌਹਲ ਨੇ ਦੱਸਿਆ ਕਿ ਵਕੀਲ ਜਸਪਾਲ ਸਿੰਘ ਮੰਝਪੁਰ ਅਨੁਸਾਰ ਜ਼ਮਾਨਤ ਲਈ ਉਨ੍ਹਾਂ ਨੂੰ ਅਦਾਲਤ ਵੱਲੋਂ ਤੈਅ ਕੀਤੀਆਂ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ। ਇਨ੍ਹਾਂ ਵਿਚ ਜ਼ਮਾਨਤੀ ਬਾਂਡ, ਜ਼ਮਾਨਤੀ ਤੇ ਸਥਾਨਕ ਪੁਲਿਸ ਥਾਣੇ ’ਚ ਹਾਜ਼ਰੀ ਵਰਗੀਆਂ ਸ਼ਰਤਾਂ ਸ਼ਾਮਲ ਹੋ ਸਕਦੀਆਂ ਹਨ। ਲੋੜੀਂਦੀ ਕਾਗਜ਼ੀ ਕਾਰਵਾਈ ਮੁਕੰਮਲ ਹੋਣ ਤੋਂ ਬਾਅਦ ਉਸਦੇ ਭਰਾ ਨੂੰ ਜੇਲ੍ਹ ਤੋਂ ਰਿਹਾਅ ਕੀਤਾ ਜਾਵੇਗਾ ਤੇ ਇਹ ਰਿਹਾਈ ਅਗਲੇ ਹਫ਼ਤੇ ਤੱਕ ਹੋ ਸਕਦੀ ਹੈ। ਜੌਹਲ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਿੱਖ ਭਾਈਚਾਰੇ ਨਾਲ ਸਬੰਧਤ ਕਥਿਤ ਮਨੁੱਖੀ ਅਧਿਕਾਰ ਉਲੰਘਣਾਵਾਂ ਬਾਰੇ ਆਨਲਾਈਨ ਲਿਖਣ ਕਾਰਨ ਨਿਸ਼ਾਨਾ ਬਣਾਇਆ ਗਿਆ। ਜਗਤਾਰ ਸਿੰਘ ਜੌਹਲ ਦਾ ਪਰਿਵਾਰ ਲੰਮੇ ਸਮੇਂ ਤੋਂ ਬਰਤਾਨਵੀ ਸਰਕਾਰ ਕੋਲ ਉਨ੍ਹਾਂ ਦੀ ਰਿਹਾਈ ਅਤੇ ਵਾਪਸੀ ਲਈ ਮਾਮਲਾ ਉਠਾਉਂਦਾ ਆ ਰਿਹਾ ਹੈ। ਵੈਸਟ ਡੰਬਰਟਨਸ਼ਾਇਰ ਤੋਂ ਸੰਸਦ ਮੈਂਬਰ ਡਗਲਸ ਮੈਕਐਲਿਸਟਰ ਨੇ ਜ਼ਮਾਨਤ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਜੌਹਲ ਦੀ ਡੰਬਰਟਨ ਵਾਪਸੀ ਲਈ ਕੋਸ਼ਿਸ਼ਾਂ ਜਾਰੀ ਰੱਖਣਗੇ।

Ad Position 22
No active advertisement
ਪਿਛਲੀ ਖ਼ਬਰ ਪਠਾਨਕੋਟ ‘ਨਸ਼ਾ ਮੁਕਤ ਯਾਤਰਾ’ ’ਚ ਜਾਂਦੇ ਰਵਨੀਤ ਸਿੰਘ ਬਿੱਟੂ ’ਤੇ ਹਮਲਾ *ਗੱਡੀ ’ਤੇ ਮਾਰੇ ਆਂਡੇ, ਮੌਕੇ ’ਤੇ ਫੜੇ 2 ਵਿਅਕ... ਅਗਲੀ ਖ਼ਬਰ ਈ.ਪੀ.ਐਫ. ਤਨਖ਼ਾਹ ਹੱਦ ਨੂੰ ਸੋਧਣ ਦੀ ਮੰਗ ਵਾਲੀ ਪਟੀਸ਼ਨ ਖ਼ਾਰਜ
Ad Position 24