ਚੰਡੀਗੜ੍ਹ, 17 ਅਕਤੂਬਰ (ਕਪਿਲ ਵਧਵਾ)-ਮੁੱਖ ਮੰਤਰੀ ਦੇ ਕੈਂਪ ਦਫ਼ਤਰ ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਜਾਂਚ ਤੇਜ਼ ਕਰਦਿਆਂ ਪੰਜ ਨਾਮਜ਼ਦ ਵਿਅਕਤੀਆਂ ਨੂੰ ਐਤਵਾਰ ਨੂੰ ਪੁੱਛਗਿੱਛ ਲਈ ਤਲਬ ਕੀਤਾ ਹੈ। ਇਨ੍ਹਾਂ ਵਿਚ ਮੁੱਖ ਮੰਤਰੀ ਦੇ ਦੂਜੇ ਓ.ਐੱਸ.ਡੀ. ਦੱਸੇ ਜਾਂਦੇ ਰੋਮੀ ਰਾਜਾ ਮਹਾਜਨ, ਬੀਰ ਦਵਿੰਦਰ ਸਿੰਘ ਬੱਲਾ, ਨਿਤਿਨ ਗੋਹਲ, ਜਤਿਨ ਗੋਹਲ ਤੇ ਆਰ.ਐੱਸ. ਨਾਗਰਾ ਦੇ ਨਾਂਅ ਸ਼ਾਮਲ ਹਨ। ਉੱਧਰ, ਇਸੇ ਮਾਮਲੇ ਵਿਚ ਨਾਮਜ਼ਦ ਓ.ਐੱਸ.ਡੀ. ਰਾਜਬੀਰ ਸਿੰਘ ਘੁੰਮਣ ਸੋਮਵਾਰ ਨੂੰ ਸੀ.ਬੀ.ਆਈ. ਸਾਹਮਣੇ ਪੇਸ਼ ਹੋਣਗੇ। ਜਾਣਕਾਰੀ ਅਨੁਸਾਰ, ਸੀ.ਬੀ.ਆਈ. ਵਲੋਂ ਨਾਮਜ਼ਦ ਵਿਅਕਤੀਆਂ ਨੂੰ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (ਬੀ. ਐੱਨ. ਐੱਸ. ਐੱਸ.) ਦੀ ਧਾਰਾ 35(3) ਤਹਿਤ ਸੰਮਨ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ, ਲਗਭਗ 7 ਤੋਂ 8 ਵਿਅਕਤੀਆਂ ਨੂੰ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀ ਧਾਰਾ 178 ਤਹਿਤ ਗਵਾਹ ਵਜੋਂ ਬੁਲਾਏ ਜਾਣ ਦੀ ਜਾਣਕਾਰੀ ਵੀ ਸਾਹਮਣੇ ਆਈ ਹੈ। ਹਾਲਾਂਕਿ, ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦਿਆਂ ਜਾਂਚ ਏਜੰਸੀ ਵਲੋਂ ਗਵਾਹਾਂ ਸਬੰਧੀ ਕੋਈ ਵਿਸਥਾਰਤ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਸੂਤਰਾਂ ਅਨੁਸਾਰ, ਸੀ.ਬੀ.ਆਈ. ਵਲੋਂ ਚੰਡੀਗੜ੍ਹ ਸਥਿਤ ਆਪਣੇ ਦਫ਼ਤਰ ਵਿਚ ਮਾਮਲੇ ਨਾਲ ਜੁੜੇ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਗਵਾਹਾਂ ਦੀ ਸੂਚੀ ਵਿਚ ਕਥਿਤ ਤੌਰ ’ਤੇ ਉਹ ਵਿਅਕਤੀ ਵੀ ਸ਼ਾਮਲ ਹਨ, ਜਿਨ੍ਹਾਂ ਦੀ ਗੱਲਬਾਤ ਤੇ ਚੈਟ ਦੇ ਸਕਰੀਨਸ਼ਾਟ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਦਾਇਰ ਕੀਤੇ ਗਏ ਸਨ।
ਵੱਖ-ਵੱਖ ਪਿਛੋਕੜ ਵਾਲੇ ਵਿਅਕਤੀ ਜਾਂਚ ਦੇ ਘੇਰੇ ’ਚ
ਇਸ ਮਾਮਲੇ ਵਿਚ ਰੋਮੀ ਰਾਜਾ ਮਹਾਜਨ ਨੂੰ ਮੁੱਖ ਮੰਤਰੀ ਦਾ ਦੂਜਾ ਓ.ਐੱਸ.ਡੀ. ਦੱਸਿਆ ਜਾ ਰਿਹਾ ਹੈ। ਨਿਤਿਨ ਗੋਹਲ ਤੇ ਜਤਿਨ ਗੋਹਲ ਨੂੰ ਰਾਜਬੀਰ ਸਿੰਘ ਘੁੰਮਣ ਦੇ ਪੁਰਾਣੇ ਜਾਣਕਾਰ ਦੱਸਿਆ ਜਾਂਦਾ ਹੈ, ਜਦਕਿ ਬੀਰ ਦਵਿੰਦਰ ਸਿੰਘ ਬੱਲਾ ਆਮ ਆਦਮੀ ਪਾਰਟੀ ਦੇ ਆਗੂ ਹਨ। ਇਸੇ ਤਰ੍ਹਾਂ, ਲੁਧਿਆਣਾ ਨਾਲ ਸਬੰਧਤ ਆਰ.ਐੱਸ. ਨਾਗਰਾ ਉਰਫ਼ ਰਾਜਦੀਪ ਸਿੰਘ ਨਾਗਰਾ ਦਾ ਨਾਂਅ ਪੰਜਾਬ ਦੇ ਸਾਬਕਾ ਮੰਤਰੀ ਭਰਤ ਭੂਸ਼ਣ ਆਸ਼ੂ ਦੇ ਨਾਲ ਸਾਲ 2024 ਦੇ ਕਥਿਤ ਟੈਂਡਰ ਘੁਟਾਲੇ ਵਿਚ ਵੀ ਸਾਹਮਣੇ ਆਇਆ ਸੀ। ਜਾਂਚ ਏਜੰਸੀ ਵਲੋਂ ਇਨ੍ਹਾਂ ਵਿਅਕਤੀਆਂ ਤੋਂ ਮਾਮਲੇ ਨਾਲ ਸੰਬੰਧਿਤ ਵੱਖ-ਵੱਖ ਪਹਿਲੂਆਂ ਬਾਰੇ ਪੁੱਛਗਿੱਛ ਕੀਤੇ ਜਾਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਕੈਂਪ ਦਫ਼ਤਰ ਨਾਲ ਜੁੜੇ ਇਸ ਕਥਿਤ ਭ੍ਰਿਸ਼ਟਾਚਾਰ ਮਾਮਲੇ ਵਿਚ ਸੀ.ਬੀ.ਆਈ. ਦੀ ਜਾਂਚ ਜਾਰੀ ਹੈ। ਹਾਲਾਂਕਿ, ਮਾਮਲੇ ਵਿਚ ਨਾਮਜ਼ਦ ਵਿਅਕਤੀਆਂ ਵਿਰੁੱਧ ਲੱਗੇ ਦੋਸ਼ਾਂ ਬਾਰੇ ਅੰਤਿਮ ਨਤੀਜਾ ਜਾਂਚ ਪੂਰੀ ਹੋਣ ਅਤੇ ਕਾਨੂੰਨੀ ਕਾਰਵਾਈ ਤੋਂ ਬਾਅਦ ਹੀ ਸਾਹਮਣੇ ਆਵੇਗਾ।
ਭ੍ਰਿਸ਼ਟਾਚਾਰ ਮਾਮਲੇ ’ਚ ਸੀ.ਬੀ.ਆਈ. ਵਲੋਂ ਪੰਜ ਵਿਅਕਤੀ ਤਲਬ ਓ.ਐੱਸ.ਡੀ. ਰੋਮੀ ਰਾਜਾ ਮਹਾਜਨ ਸਮੇਤ ਹੋਰਨਾਂ ਨੂੰ ਅੱਜ ਪੇਸ਼ ਹੋਣ ਲਈ ਸੰਮਨ
ਚੰਡੀਗੜ੍ਹ, 17 ਅਕਤੂਬਰ (ਕਪਿਲ ਵਧਵਾ)-ਮੁੱਖ ਮੰਤਰੀ ਦੇ ਕੈਂਪ ਦਫ਼ਤਰ ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਜਾਂਚ ਤੇਜ਼ ਕਰਦਿਆਂ ਪੰਜ ਨਾਮਜ਼ਦ ਵਿਅਕਤੀਆਂ ਨੂੰ ਐਤਵਾਰ ਨੂੰ ...
ਅਜੀਤ ਡੈਸਕ
18-10-2026