ਬੀਣੇਵਾਲ, 3 ਜਨਵਰੀ (ਬੈਜ ਚੌਧਰੀ)-ਕਰੀਬ ਦੋ ਸਾਲ ਤੋਂ ਡਿੱਗੀ ਪਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੈਹਿੰਦਵਾਣੀ ਦੀ ਦੱਖਣ ਵਾਲੇ ਪਾਸੇ ਦੀ ਦੀਵਾਰ ਨੂੰ ਜਲਦੀ ਬਣਵਾਉਣ ਦੀ ਮੰਗ ਪਿੰਡ ਦੇ ਲੋਕਾਂ ਅਤੇ ਨੌਜਵਾਨ ਖਿਡਾਰੀਆਂ ਨੇ ਕੀਤੀ ਹੈ, ਪਰ ਅੱਜ ਤੱਕ ਇਸ ਦੀਵਾਰ ਨੂੰ ਸਰਕਾਰ ਨੇ ਬਣਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ | ਦੂਸਰੇ ਪਾਸੇ ਪਿੰਡ ਮੈਹਿੰਦਵਾਣੀ ਤੇ ਮੈਹਿੰਦਵਾਣੀ ਦੀਆਂ ਪੰਚਾਇਤਾਂ ਦਾ ਕਹਿਣਾ ਹੈ ਕਿ ਪੰਚਾਇਤਾਂ ਨੂੰ ਆਮਦਨ ਦਾ ਕੋਈ ਸਾਧਨ ਨਹੀਂ ਹੈ, ਲਿਹਾਜਾ ਗ੍ਰਾਂਟ ਨਾਲ ਹੀ ਦੀਵਾਰ ਬਣ ਸਕਦੀ ਹੈ ਜੋ ਕਿ ਆਈ ਨਹੀਂ | ਜਾਣਕਾਰੀ ਮੁਤਾਬਿਕ ਸੀਨੀਅਰ ਸੈਕੰਡਰੀ ਸਕੂਲ ਦੇ ਦੱਖਣ ਵਾਲੇ ਪਾਸੇ ਸੜਕ ਹੈ ਜੋ ਕਿ ਪਿੰਡ ਮੈਹਿੰਦਵਾਣੀ ਗੁੱਜਰਾਂ ਨੂੰ ਜਾਂਦੀ ਹੈ | ਇਸ ਸੜਕ ਨੇ ਨਾਲ ਸਕੂਲ ਵਾਲੀ ਸਾਈਡ ਇਕ ਗੰਦੇ ਪਾਣੀ ਦੀ ਨਿਕਾਸੀ ਲਈ ਇਕ ਨਾਲਾ ਬਣਿਆ ਹੋਇਆ ਹੈ | ਇਸ ਨਾਲੇ 'ਚ ਸਾਰੇ ਪਿੰਡ ਮੈਹਿਦਵਾਣੀ ਗੁੱਜਰਾਂ ਦਾ ਗੰਦਾ ਪਾਣੀ ਆਉਂਦਾ ਹੈ ਜੋ ਕਿ ਅੱਗੇ ਜਾ ਕੇ ਛੱਪੜ ਵਿਚ ਪੈਂਦਾ ਹੈ | ਲੋਕਾਂ ਤੇ ਖਿਡਾਰੀਆਂ ਦੀ ਮੰਗ ਹੈ ਕਿ ਇਸ ਦੀਵਾਰ ਦੀ ਉਸਾਰੀ ਕਰ ਕੇ ਸਕੂਲ ਅਤੇ ਖੇਡ ਦੋ ਮੈਦਾਨ ਨੂੰ ਬਚਾਇਆ ਜਾਵੇ |