ਹੁਸ਼ਿਆਰਪੁਰ, 23 ਜਨਵਰੀ (ਬਲਜਿੰਦਰਪਾਲ ਸਿੰਘ)-ਬਾਬਾ ਮੰਝ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਕੰਗਮਾਈ ਵਿਖੇ ਬਸੰਤ ਪੰਚਮੀ ਦਾ ਪਾਵਨ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਦਾ ਵਿਹੜਾ ਆਤਮਿਕਤਾ ਅਤੇ ਬਸੰਤ ਪੰਚਮੀ ਦੇ ਰੰਗਾਂ ਨਾਲ ਰੰਗਿਆ ਹੋਇਆ ਨਜ਼ਰ ਆਇਆ | ਸਮਾਗਮ ਦੀ ਸ਼ੁਰੂਆਤ ਸਕੂਲ ਦੀ ਡਾਇਰੈਕਟਰ ਡਾ. ਪਰਮਜੀਤ ਕੌਰ ਸਿੱਧੂ ਵਲੋਂ ਮਾਂ ਸਰਸਵਤੀ ਜੀ ਦੀ ਪੂਜਾ ਕਰਨ ਨਾਲ ਹੋਈ | ਇਸ ਉਪਰੰਤ ਵਿਦਿਆਰਥੀਆਂ ਵਲੋਂ ਮਨਮੋਹਕ ਮਾਂ ਸਰਸਵਤੀ ਬੰਦਨਾ ਪੇਸ਼ ਕੀਤੀ ਗਈ, ਜਿਸ ਨਾਲ ਪੂਰਾ ਮਾਹੌਲ ਭਗਤੀਪੂਰਨ ਬਣ ਗਿਆ | ਵੰਦਨਾ ਰਾਹੀਂ ਗਿਆਨ ਬੁੱਧੀ ਅਤੇ ਵਿਦਿਆ ਦੀ ਦੇਵੀ ਮਾਂ ਸਰਸਵਤੀ ਦੀ ਮਹਾਨਤਾ ਨੂੰ ਦਰਸਾਇਆ ਗਿਆ | ਇਸ ਤੋਂ ਬਾਅਦ ਵਿਦਿਆਰਥੀਆਂ ਵਲੋਂ ਸ਼ਬਦ ਕੀਰਤਨ ਵੀ ਗਾਇਨ ਕੀਤਾ ਗਿਆ | ਡਾਇਰੈਕਟਰ ਡਾ. ਪਰਮਜੀਤ ਕੌਰ ਸਿੱਧੂ ਨੇ ਆਪਣੇ ਪ੍ਰੇਰਨਾਦਾਇਕ ਭਾਸ਼ਣ 'ਚ ਬਸੰਤ ਪੰਚਮੀ ਦੇ ਮਹੱਤਵ ਬਾਰੇ ਦੱਸਦੇ ਹੋਏ ਕਿਹਾ ਕਿ ਇਹ ਤਿਉਹਾਰ ਗਿਆਨ ਦੀ ਨਵੀਂ ਸ਼ੁਰੂਆਤ ਅਤੇ ਵਿਕਾਸ ਦਾ ਪ੍ਰਤੀਕ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਮਿਹਨਤ, ਅਨੁਸ਼ਾਸਨ ਅਤੇ ਸੱਭਿਆਚਾਰਕ ਮੁੱਲਾਂ ਨੂੰ ਆਪਣੇ ਜੀਵਨ 'ਚ ਅਪਣਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਅਸ਼ਵਨੀ ਕੁਮਾਰ ਅਤੇ ਵਾਇਸ ਪਿ੍ੰਸੀਪਲ ਜਗਮੀਤ ਕੌਰ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਕਿਹਾ ਕਿ ਅਜਿਹੇ ਧਾਰਮਿਕ ਅਤੇ ਸੱਭਿਆਚਾਰਕ ਸਮਾਗਮ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਸਮਾਗਮ ਦੇ ਆਖੀਰ 'ਚ ਸਭ ਨੇ ਮਿਲ ਕੇ ਬਸੰਤ ਪੰਚਮੀ ਦੀਆਂ ਵਧਾਈਆਂ ਸਾਂਝੀਆਂ ਕੀਤੀਆਂ ਤੇ ਸਕੂਲ ਦੀ ਡਾਇਰੈਕਟਰ ਵਲੋਂ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਮਠਿਆਈ ਅਤੇ ਪ੍ਰਸ਼ਾਦ ਵੰਡਿਆ ਗਿਆ |