ਹੁਸ਼ਿਆਰਪੁਰ, 28 ਜਨਵਰੀ (ਬਲਜਿੰਦਰਪਾਲ ਸਿੰਘ)-ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਦੇ ਯਤਨਾਂ ਅਤੇ ਭਾਰਤ ਸਰਕਾਰ ਵਲੋਂ ਕੀਤੀ ਗਈ ਤੁਰੰਤ ਕਾਰਵਾਈ ਸਦਕਾ ਕਰੀਬ 16 ਸਾਲਾਂ ਤੋਂ ਵਿਦੇਸ਼ਾਂ 'ਚ ਫਸਿਆ ਜਸਵੰਤ ਸਿੰਘ ਸਹੀ ਸਲਾਮਤ ਭਾਰਤ ਵਾਪਸ ਪਰਤ ਆਇਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਖੰਨਾ ਨੇ ਦੱਸਿਆ ਕਿ ਗੜ੍ਹਸ਼ੰਕਰ ਬਲਾਕ ਦੇ ਪਿੰਡ ਘਾਗੋਂ ਰੋੜਾਂਵਾਲੀ ਦਾ ਰਹਿਣ ਵਾਲਾ ਜਸਵੰਤ ਸਿੰਘ ਪਹਿਲਾਂ ਰੁਜ਼ਗਾਰ ਲਈ ਇਟਲੀ ਗਿਆ ਸੀ ਅਤੇ ਬਾਅਦ 'ਚ ਉਹ ਉੱਥੋਂ ਆਸਟਰੀਆ ਚਲਾ ਗਿਆ | ਆਸਟਰੀਆ 'ਚ ਉਸ ਦੀ ਕਿਸੇ ਨਾਲ ਲੜਾਈ ਹੋਣ ਕਾਰਨ ਉਸ ਦਾ ਪਾਸਪੋਰਟ ਪੁਲਿਸ ਨੇ ਖੋਹ ਲਿਆ ਸੀ, ਜਿਸ ਕਾਰਨ ਜਸਵੰਤ ਸਿੰਘ ਆਸਟਰੀਆ 'ਚ ਫਸ ਗਿਆ ਸੀ ਅਤੇ ਪਾਸਪੋਰਟ ਨਾ ਹੋਣ ਕਾਰਨ ਉਹ ਭਾਰਤ ਨਹੀਂ ਆ ਸਕਿਆ | ਜਸਵੰਤ ਸਿੰਘ ਦੇ ਪਰਿਵਾਰ ਨੇ ਪੂਰੀ ਕੋਸ਼ਿਸ਼ ਕੀਤੀ, ਪਰ ਉਹ ਜਸਵੰਤ ਸਿੰਘ ਨੂੰ ਭਾਰਤ ਵਾਪਸ ਨਹੀਂ ਲਿਆ ਸਕੇ | ਖੰਨਾ ਨੇ ਦੱਸਿਆ ਕਿ ਇਸ ਤੋਂ ਬਾਅਦ ਜਸਵੰਤ ਸਿੰਘ ਦੇ ਪਿਤਾ ਕਰਨੈਲ ਸਿੰਘ ਨੇ ਉਨ੍ਹਾਂ ਨੂੰ ਮਿਲ ਕੇ ਜਸਵੰਤ ਸਿੰਘ ਦੇ ਆਸਟਰੀਆ ਵਿਚ ਫਸੇ ਹੋਣ ਬਾਰੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਅਤੇ ਜਸਵੰਤ ਸਿੰਘ ਨੂੰ ਸੁਰੱਖਿਅਤ ਭਾਰਤ ਲਿਆਉਣ ਦੀ ਬੇਨਤੀ ਕੀਤੀ | ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਪੱਤਰ ਰਾਹੀਂ ਇਹ ਮਾਮਲਾ ਤੁਰੰਤ ਕੇਂਦਰ ਸਰਕਾਰ ਦੇ ਧਿਆਨ ਵਿਚ ਲਿਆਂਦਾ ਸੀ ਅਤੇ ਜਸਵੰਤ ਸਿੰਘ ਦੀ ਜਲਦੀ ਸੁਰੱਖਿਅਤ ਘਰ ਵਾਪਸੀ ਦਾ ਭਰੋਸਾ ਦਿੱਤਾ ਸੀ | ਖੰਨਾ ਨੇ ਕਿਹਾ ਕਿ ਭਾਰਤ ਸਰਕਾਰ ਵਲੋਂ ਤੁਰੰਤ ਕੀਤੀ ਗਈ ਕਾਰਵਾਈ ਸਦਕਾ ਹੁਣ ਜਸਵੰਤ ਸਿੰਘ 16 ਸਾਲਾਂ ਬਾਅਦ ਆਪਣੇ ਦੇਸ਼ ਪਰਤਿਆ ਹੈ | ਖੰਨਾ ਨੇ ਭਾਰਤ ਸਰਕਾਰ ਦਾ ਧੰਨਵਾਦ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦੂਤਾਵਾਸ ਨੂੰ ਸਹੀ ਤੱਥ ਦੱਸ ਕੇ ਹਮੇਸ਼ਾ ਜਾਇਜ਼ ਤਰੀਕੇ ਨਾਲ ਵਿਦੇਸ਼ ਜਾਣ | ਖੰਨਾ ਨੇ ਕਿਹਾ ਕਿ ਭਾਰਤ ਸਰਕਾਰ ਵਿਦੇਸ਼ਾਂ 'ਚ ਰਹਿੰਦੇ ਭਾਰਤੀਆਂ ਦੀ ਮਦਦ ਲਈ ਦਿਨ-ਰਾਤ ਤਤਪਰ ਹੈ, ਜਿਸ ਕਾਰਨ ਭਾਰਤ ਸਰਕਾਰ ਵਲੋਂ ਇਕ ਹੈਲਪ ਪੋਰਟਲ ਵੀ ਚਲਾਇਆ ਜਾ ਰਿਹਾ ਹੈ | ਇਸ ਮੌਕੇ ਜਸਵੰਤ ਸਿੰਘ ਤੇ ਉਸ ਦੇ ਪਰਿਵਾਰ ਨੇ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਖੰਨਾ ਦਾ ਧੰਨਵਾਦ ਕੀਤਾ |