ਹੁਸ਼ਿਆਰਪੁਰ, 28 ਜਨਵਰੀ (ਬਲਜਿੰਦਰਪਾਲ ਸਿੰਘ)-ਪੰਜਾਬੀ ਸਾਹਿਤ ਸਭਾ ਹੁਸ਼ਿਆਰਪੁਰ ਦੀ ਮਹੀਨਾਵਾਰ ਮੀਟਿੰਗ ਡਿਜੀਟਲ ਲਾਇਬ੍ਰੇਰੀ ਹੁਸ਼ਿਆਰਪੁਰ ਵਿਖੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਪ੍ਰਧਾਨ ਜਸਬੀਰ ਸਿੰਘ ਧੀਮਾਨ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੇ ਸ਼ੁਰੂਆਤ 'ਚ ਸਭਾ ਦੇ ਜਨਰਲ ਸਕੱਤਰ ਡਾ. ਜਸਵੰਤ ਰਾਏ ਨੇ ਪਿਛਲੇ ਦਿਨੀਂ ਵਿਛੋੜਾ ਦੇ ਗਏ ਅਦਬ ਦੀ ਦੁਨੀਆ ਦੇ ਸਿਰਮੌਰ ਲੇਖਕ ਮਹਿੰਦਰ ਸਿੰਘ ਦੀਵਾਨਾ, ਕਵੀ ਤੇ ਪੇਂਟਰ ਦੇਵ, ਪਦਮਸ੍ਰੀ ਪੂਰਨ ਸ਼ਾਹਕੋਟੀ, ਮੁਲਾਜ਼ਮ ਆਗੂ ਪਿ੍ੰਸੀਪਲ ਪਿਆਰਾ ਸਿੰਘ, ਵਿਨੋਦ ਕੁਮਾਰ ਸ਼ੁਕਲ, ਤਾਹਿਰ ਫ਼ਰਾਜ਼ ਦੇ ਹੱਕ 'ਚ ਸ਼ੋਕ ਮਤਾ ਪੜਿ੍ਹਆ ਅਤੇ ਸਭਾ ਦੇ ਮੈਂਬਰਾਂ ਨੇ ਦੋ ਮਿੰਟ ਦਾ ਮੌਨ ਰੱਖ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ | ਉਪਰੰਤ ਤਿ੍ਪਤਾ ਕੇ ਸਿੰਘ ਦੀ ਪੁਸਤਕ 'ਕੱਕੇ ਰੇਤੇ 'ਤੇ ਪਈਆਂ ਪੈੜਾਂ-ਡਾ. ਕਰਮਜੀਤ ਸਿੰਘ ਨਾਲ਼ ਲੰਬੀ ਇੰਟਰਵਿਊ' ਨੂੰ ਸਭਾ ਵਲੋਂ ਲੋਕ ਅਰਪਣ ਕੀਤਾ ਗਿਆ | ਪੁਸਤਕ ਸੰਬੰਧੀ ਡਾ. ਜਸਵੰਤ ਰਾਏ ਨੇ ਦੱਸਿਆ ਕਿ ਇਸ ਵਿਚ ਸਾਹਿਤਕ ਕਾਮੇ ਡਾ. ਕਰਮਜੀਤ ਸਿੰਘ ਦਾ ਬਚਪਨ, ਲੋਕ-ਧਾਰਾ 'ਤੇ ਕੀਤਾ ਕੰਮ ਤੇ ਉਸ ਦੀ ਪੜਚੋਲ, ਸਾਹਿਤ ਸਭਾਵਾਂ ਦੇ ਕੰਮ, ਅੰਗਰੇਜ਼ੀ ਲੇਖਕਾਂ ਵੱਲੋਂ ਕੀਤੇ ਲੋਕ-ਧਾਰਾ ਦੇ ਕੰਮਾਂ ਦੀ ਸਾਰ, ਮਾਰਕਸਈਜ਼ਮ ਅੰਬੇਡਕਰਈਜ਼ਮ ਦੀਆਂ ਸਾਂਝੀਆਂ ਤੰਦਾਂ, ਮਨੂੰਸਿਮਰਤੀ ਬਾਰੇ ਲੰਬੀ ਚਰਚਾ ਪੜ੍ਹਨ ਸੁਣਨ ਨੂੰ ਮਿਲੇਗੀ | ਇਸ ਮੌਕੇ ਮਦਨਵੀਰਾ, ਸਤੀਸ਼ ਕੁਮਾਰ, ਸੁਰਿੰਦਰ ਕੰਗਵੀ, ਡਾ. ਦਰਸ਼ਨ ਸਿੰਘ ਦਰਸ਼ਨ, ਡਾ. ਸ਼ਮਸ਼ੇਰ ਮੋਹੀ, ਡਾ. ਅਜੀਤ ਸਿੰਘ ਜੱਬਲ, ਅੰਜੂ ਵੀ ਰੱਤੀ, ਮੀਨਾਕਸ਼ੀ ਮੈਨਨ, ਰਜਿੰਦਰ ਸਚਦੇਵਾ, ਕਮਲ ਨੈਯਨ, ਤੀਰਥ ਚੰਦ ਸਰੋਆ, ਰਾਜ ਕੁਮਾਰ ਘਾਸੀਪੁਰੀਆ, ਲਾਇਬ੍ਰੇਰੀਅਨ ਵਿਜੇ ਕੁਮਾਰ, ਰੈੱਡ ਕਰਾਸ ਦੇ ਸਕੱਤਰ ਮੰਗੇਸ਼ ਸੂਦ ਨੇ ਵੀ ਹਾਜ਼ਰੀ ਲਗਵਾਈ | ਡਾ. ਕਰਮਜੀਤ ਸਿੰਘ ਨੇ ਪੇਸ਼ ਰਚਨਾਵਾਂ 'ਤੇ ਆਪਣੀਆਂ ਆਲੋਚਨਾਤਮਿਕ ਟਿੱਪਣੀਆਂ ਪੇਸ਼ ਕੀਤੀਆਂ |