ਹੁਸ਼ਿਆਰਪੁਰ, 28 ਜਨਵਰੀ (ਨਰਿੰਦਰ ਸਿੰਘ ਬੱਡਲਾ)-ਸੜਕਾਂ 'ਤੇ ਘੁੰਮ ਰਹੇ ਲਾਵਾਰਸ ਗਊ ਧਨ ਦੇ ਰੱਖ-ਰਖਾਅ ਲਈ ਇਸ ਵਾਰ ਦੇ ਸਾਲਾਨਾ ਬਜਟ 'ਚ ਪੰਜਾਬ ਸਰਕਾਰ ਠੋਸ ਨੀਤੀ ਬਣਾ ਕੇ ਇਕੱਠੇ ਕੀਤੇ ਜਾ ਰਹੇ ਗਊ ਸੈੱਸ ਦੀ ਵੰਡ ਦਾ ਪ੍ਰਬੰਧ ਕਰੇ | ਇਹ ਪ੍ਰਗਟਾਵਾ ਨਵੀਂ ਸੋਚ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਅਸ਼ਵਨੀ ਗੈਂਦ, ਸਾਬਕਾ ਕੌਂਸਲਰ ਸੁਰੇਸ਼ ਭਾਟੀਆ ਬਿੱਟੂ ਅਤੇ ਵਾਤਾਵਰਨ ਪ੍ਰੇਮੀ ਵੀਰ ਪ੍ਰਤਾਪ ਰਾਣਾ ਨੇ ਸਾਂਝੇ ਤੌਰ 'ਤੇ ਮੀਟਿੰਗ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ 13-14 ਆਈਟਮਾਂ 'ਤੇ ਲਗਾਤਾਰ ਗਊ ਸੈੱਸ ਇਕੱਠਾ ਕਰ ਰਹੀ ਹੈ, ਪਰ ਗਊ ਮਾਤਾ ਪਹਿਲਾਂ ਨਾਲੋਂ ਵੱਧ ਗਿਣਤੀ 'ਚ ਸੜਕਾਂ 'ਤੇ ਘੁੰਮ ਰਹੀ ਹੈ | ਆਮ ਆਦਮੀ ਪਾਰਟੀ ਦੀ ਸਰਕਾਰ 2022 ਤੋਂ ਪਹਿਲਾਂ ਤੱਕ ਤਾਂ ਗਊ ਧਨ ਦੀ ਸਾਂਭ-ਸੰਭਾਲ ਲਈ ਪ੍ਰਦਰਸ਼ਨ ਕਰ ਰਹੀ ਸੀ, ਪਰ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਨੇ ਚੋਣ ਮੈਨੀਫੈਸਟੋ 'ਚ ਸ਼ਾਮਿਲ ਇਸ ਮੁੱਦੇ 'ਤੇ ਧਿਆਨ ਦੇਣਾ ਮੁਨਾਸਿਬ ਨਹੀਂ ਸਮਝਿਆ | ਉਨ੍ਹਾਂ ਕਿਹਾ ਕਿ ਸਰਕਾਰ ਸਾਲਾਨਾ ਬਜਟ 'ਚ ਲਾਵਾਰਸ ਗਊ ਧਨ ਨੂੰ ਗਊਸ਼ਾਲਾਵਾਂ 'ਚ ਪਹੁੰਚਾਏ ਅਤੇ ਉਨ੍ਹਾਂ ਦੇ ਖਾਣ-ਪੀਣ ਦਾ ਸਹੀ ਪ੍ਰਬੰਧ ਕਰੇ | ਇਸ ਮੌਕੇ ਰਾਜ ਕੁਮਾਰ ਵਸ਼ਿਸ਼ਟ, ਨੀਰਜ ਗੈਂਦ ਆਦਿ ਵੀ ਮੌਜੂਦ ਸਨ |