ਹੁਸ਼ਿਆਰਪੁਰ, 31 ਜਨਵਰੀ (ਬਲਜਿੰਦਰਪਾਲ ਸਿੰਘ/ਹਰਪ੍ਰੀਤ ਕੌਰ)-ਸੈਲਾ ਖ਼ੁਰਦ ਦੇ ਵਸਨੀਕ ਦਵਿੰਦਰ ਸਿੰਘ ਮਾਨ ਨੇ ਆਪਣੇ ਪੁੱਤਰ ਹਰਵਿੰਦਰ ਮਾਨ ਨੂੰ ਬਲੱਡ ਮਨੀ ਦੇ ਕੇ ਆਬੂ ਧਾਬੀ ਤੋਂ ਰਿਹਾਅ ਕਰਵਾਉਣ ਲਈ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਅਤੇ ਉਨ੍ਹਾਂ ਦੀ ਟੀਮ ਦਾ ਵਿਸ਼ੇਸ਼ ਧੰਨਵਾਦ ਕੀਤਾ | ਇਸ ਮੌਕੇ ਖੰਨਾ ਦਾ ਧੰਨਵਾਦ ਕਰਨ ਪਹੁੰਚੇ ਦਵਿੰਦਰ ਸਿੰਘ ਮਾਨ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਹਰਵਿੰਦਰ ਮਾਨ ਆਬੂ ਧਾਬੀ 'ਚ ਡਰਾਈਵਰ ਦਾ ਕੰਮ ਕਰਦਾ ਹੈ, ਜਿਸ ਦਾ ਉੱਥੇ ਐਕਸੀਡੈਂਟ ਹੋ ਗਿਆ ਸੀ ਅਤੇ ਇਸ ਹਾਦਸੇ 'ਚ ਕਿਸੇ ਦੀ ਮੌਤ ਹੋ ਗਈ ਸੀ | ਇਸ ਹਾਦਸੇ 'ਚ ਹਰਵਿੰਦਰ ਮਾਨ ਦਾ ਕੋਈ ਕਸੂਰ ਨਹੀਂ ਸੀ, ਜਿਸ ਕਾਰਨ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਨੇ ਕੋਈ ਦਾਅਵਾ ਨਹੀਂ ਕੀਤਾ, ਪਰ ਉਸ ਨੂੰ ਸਾਉਦੀ ਕਾਨੂੰਨ ਤਹਿਤ ਗਿ੍ਫ਼ਤਾਰ ਕਰ ਲਿਆ ਗਿਆ ਅਤੇ ਉਸ ਨੂੰ ਰਿਹਾਅ ਕਰਵਾਉਣ ਲਈ ਉੱਥੋਂ ਦੀ ਸਰਕਾਰ ਨੇ 70 ਹਜ਼ਾਰ ਦਰਾਮ ਦਾ ਜੁਰਮਾਨਾ ਲਗਾਇਆ | ਦਵਿੰਦਰ ਸਿੰਘ ਮਾਨ ਨੇ ਦੱਸਿਆ ਕਿ ਉਸ ਨੇ ਆਪਣੇ ਪੁੱਤਰ ਦੀ ਰਿਹਾਈ ਲਈ ਮੌਜੂਦਾ ਪੰਜਾਬ ਸਰਕਾਰ ਦੇ ਆਗੂਆਂ ਅਤੇ ਮਾਹਿਰਾਂ ਨੂੰ ਕਈ ਬੇਨਤੀਆਂ ਕੀਤੀਆਂ, ਪਰ ਕਿਸੇ ਨੇ ਕੋਈ ਮਦਦ ਨਹੀਂ ਕੀਤੀ | ਮਾਨ ਨੇ ਦੱਸਿਆ ਕਿ ਜਦੋਂ ਉਨ੍ਹਾਂ ਇਸ ਸੰਬੰਧੀ ਅਵਿਨਾਸ਼ ਰਾਏ ਖੰਨਾ ਨੂੰ ਦੱਸਿਆ ਤਾਂ ਉਨ੍ਹਾਂ ਨੇ ਪਹਿਲਾਂ ਆਪਣੀ ਟੀਮ ਦੇ ਪ੍ਰਸਿੱਧ ਵਿਅਕਤੀਆਂ ਤੋਂ ਬਲੱਡ ਮਨੀ ਇਕੱਠੀ ਕੀਤੀ ਅਤੇ ਫਿਰ ਦੁਬਈ ਵਿਚ ਆਪਣੇ ਇਕ ਵਰਕਰ ਅਤਿੰਦਰ ਸਿੰਘ ਦੀ ਮਦਦ ਨਾਲ ਹਰਵਿੰਦਰ ਸਿੰਘ ਨੂੰ ਬਲੱਡ ਮਨੀ ਦੇ ਕੇ ਰਿਹਾਅ ਕਰਵਾਇਆ | ਇਸ ਮੌਕੇ ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਨ੍ਹਾਂ ਦੀ ਟੀਮ ਦੇ ਮੈਂਬਰ ਉਨ੍ਹਾਂ ਦੇ ਕਹਿਣ 'ਤੇ ਹੀ ਲੋਕ ਭਲਾਈ ਦੇ ਕੰਮਾਂ ਲਈ ਅੱਗੇ ਆਉਂਦੇ ਹਨ | ਉਨ੍ਹਾਂ ਆਪਣੇ ਸਾਥੀਆਂ ਅਤੇ ਦੁਬਈ 'ਚ ਬੈਠੇ ਆਪਣੇ ਵਰਕਰ ਅਤਿੰਦਰ ਸਿੰਘ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਹਰਵਿੰਦਰ ਨੂੰ ਆਬੂ ਧਾਬੀ ਤੋਂ ਰਿਹਾਅ ਕਰਵਾਉਣ ਵਿਚ ਆਰਥਿਕ ਮਦਦ ਕੀਤੀ | ਖੰਨਾ ਨੇ ਭਾਰਤ ਸਰਕਾਰ ਦਾ ਵੀ ਧੰਨਵਾਦ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦੀ ਸ਼ਾਨਦਾਰ ਵਿਦੇਸ਼ ਨੀਤੀ ਕਾਰਨ ਵਿਦੇਸ਼ਾਂ ਵਿਚ ਵੱਸਦੇ ਭਾਰਤੀਆਂ ਨੂੰ ਮਦਦ ਮਿਲ ਰਹੀ ਹੈ | ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੇ ਸਾਥੀਆਂ ਅਤੇ ਭਾਰਤ ਸਰਕਾਰ ਦੀ ਮਦਦ ਨਾਲ ਹੀ ਸੰਭਵ ਹੋਇਆ ਹੈ ਕਿ ਹਰਵਿੰਦਰ ਸਿੰਘ ਨੂੰ ਆਬੂ ਧਾਬੀ 'ਚ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਉਹ ਮੁੜ ਆਪਣੇ ਕੰਮ 'ਤੇ ਪਰਤਣ ਦੇ ਯੋਗ ਹੋਇਆ ਹੈ |