ਹੁਸ਼ਿਆਰਪੁਰ, 20 ਫਰਵਰੀ (ਬਲਜਿੰਦਰਪਾਲ ਸਿੰਘ/ਹਰਪ੍ਰੀਤ ਕੌਰ)-ਪੰਜਾਬ ਵਿਚ ਮੌਜੂਦਾ ਰਬੀ ਸੀਜ਼ਨ ਦੌਰਾਨ ਲਗਭਗ 95 ਫ਼ੀਸਦੀ ਰਕਬੇ 'ਤੇ ਕਣਕ ਦੀ ਬਿਜਾਈ 25 ਅਕਤੂਬਰ ਤੋਂ 15 ਨਵੰਬਰ ਦਰਮਿਆਨ ਕੀਤੀ ਗਈ, ਜੋ ਕਿ ਕਣਕ ਬਿਜਾਈ ਲਈ ਢੁਕਵਾਂ ਸਮਾਂ ਮੰਨਿਆ ਜਾਂਦਾ ਹੈ | ਵਿਸ਼ੇਸ਼ ਤੌਰ 'ਤੇ ਦਾਣੇ ਪੈਣ ਦੇ ਦੌਰਾਨ ਕਣਕ ਦੀ ਫ਼ਸਲ ਉੱਚ ਤਾਪਮਾਨ ਲਈ ਬਹੁਤ ਸੰਵੇਦਨਸ਼ੀਲ ਹੁੰਦੀ ਹੈ | ਇਸ ਦੌਰਾਨ ਵਧੇ ਤਾਪਮਾਨ ਦਾ ਦਾਣਿਆਂ ਦੇ ਭਾਰ 'ਤੇ ਮਾੜਾ ਪ੍ਰਭਾਵ ਪੈਂਦਾ ਹੈ, ਜਿਸ ਨਾਲ ਝਾੜ ਅਤੇ ਗੁਣਵੱਤਾ 'ਚ ਘਟਾਓ ਆ ਸਕਦਾ ਹੈ | ਇਸ ਸੰਬੰਧੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਕਿਹਾ ਕਿ ਹਲਕੀ ਤੋਂ ਦਰਮਿਆਨੀ ਜ਼ਮੀਨ 'ਚ ਬੀਜੀ ਅਗੇਤੀ ਕਣਕ ਵੱਧ ਤਾਪਮਾਨ ਕਾਰਨ ਜਲਦੀ ਸਿੱਟੇ ਕੱਢ ਕੇ ਪੱਕ ਸਕਦੀ ਹੈ, ਜਿਸ ਨਾਲ ਦਾਣੇ ਕਮਜ਼ੋਰ ਰਹਿ ਜਾਂਦੇ ਹਨ | ਫਰਵਰੀ 2026 ਦੇ ਦੂਜੇ ਹਫ਼ਤੇ ਦੌਰਾਨ ਤਾਪਮਾਨ ਪਿਛਲੇ ਸਾਲ ਨਾਲੋਂ ਲਗਭਗ 2 ਤੋਂ 4 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਮੌਜੂਦਾ ਹਾਲਤਾਂ ਨੂੰ ਧਿਆਨ ਵਿਚ ਰੱਖਦਿਆਂ ਕਣਕ ਦੀ ਫ਼ਸਲ ਨੂੰ ਹਲਕਾ ਪਾਣੀ ਲਗਾਇਆ ਜਾਵੇ | ਸਿੰਚਾਈ ਕਰਦੇ ਸਮੇਂ ਹਵਾ ਦੀ ਗਤੀ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਤਾਂ ਜੋ ਫ਼ਸਲ ਡਿੱਗਣ ਤੋਂ ਬਚ ਸਕੇ | ਫ਼ਸਲ ਵਿਗਿਆਨ ਵਿਭਾਗ ਦੇ ਡਾ. ਹਰੀ ਰਾਮ ਮੁਖੀ ਅਨੁਸਾਰ ਜਿਹੜੀ ਕਣਕ ਗੋਭ ਵਾਲੇ ਪੱਤੇ ਦੀ ਅਵਸਥਾ 'ਤੇ ਹੈ, ਉਸ ਨੂੰ ਉੱਚ ਤਾਪਮਾਨ ਤੋਂ ਬਚਾਉਣ ਲਈ 2 ਫ਼ੀਸਦੀ ਪੋਟਾਸ਼ੀਅਮ ਨਾਈਟਰੇਟ (13:0:45) ਦੀ ਸਪਰੇਅ ਲਾਭਕਾਰੀ ਰਹਿੰਦੀ ਹੈ |