ਟਾਂਡਾ ਉੜਮੁੜ, 20 ਜਨਵਰੀ (ਭਗਵਾਨ ਸਿੰਘ ਸੈਣੀ)-ਬੀਤੇ ਦਿਨੀਂ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਗੁਜ਼ਾਰੀ ਨੂੰ ਲੈ ਕੇ ਜੋ ਵੱਡੇ ਸਵਾਲ ਖੜੇ ਕੀਤੇ ਗਏ ਹਨ ਅਤੇ ਸਿੰਘ ਸਾਹਿਬ ਦੇ ਕਹਿਣ ਅਨੁਸਾਰ ਐੱਸ. ਜੀ. ਪੀ. ਸੀ. 'ਚ ਬਾਦਲ ਪਰਿਵਾਰ ਦੀ ਸਿੱਧੀ ਦਖ਼ਲ ਅੰਦਾਜ਼ੀ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਮੁੱਚਾ ਪ੍ਰਬੰਧ ਚਰਮਰਾ ਗਿਆ ਹੈ | ਉਨ੍ਹਾਂ ਆਖਿਆ ਕਿ ਗਿਆਨੀ ਰਘਬੀਰ ਸਿੰਘ ਵਲੋਂ ਚੁੱਕੇ ਗਏ ਸਵਾਲਾਂ ਅਨੁਸਾਰ ਪੁਰਾਤਨ ਸਰੂਪਾਂ ਦਾ, ਅਖੰਡ ਪਾਠ ਸਾਹਿਬ 'ਤੇ ਰਿਸ਼ਵਤ, ਸੁੱਕੀਆਂ ਰੋਟੀਆਂ ਦਾ ਮਾਮਲਾ, ਐਸ.ਜੀ.ਪੀ.ਸੀ. ਅਧਿਕਾਰੀਆਂ ਵਲੋਂ ਬਦਲੀਆਂ ਵਾਸਤੇ ਰਿਸ਼ਵਤਾਂ ਮੰਗਣ ਦਾ ਮਾਮਲਾ ਸੰਗਤ ਦੇ ਧਿਆਨ ਵਿਚ ਲਿਆਂਦਾ ਗਿਆ ਹੈ | ਇਸ ਸੰਬੰਧੀ ਪੈੱ੍ਰਸ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਅਕਾਲੀ ਆਗੂ ਮਨਜੀਤ ਸਿੰਘ ਦਸੂਹਾ, ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ ਜਥੇਦਾਰ ਹਰਬੰਸ ਸਿੰਘ ਮੰਝਪੁਰ, ਸਾਬਕਾ ਚੇਅਰਮੈਨ ਹੁਸ਼ਿਆਰਪੁਰ ਅਵਤਾਰ ਸਿੰਘ ਜੌਹਲ, ਸੀਨੀਅਰ ਅਕਾਲੀ ਆਗੂ ਕੁਲਵਿੰਦਰ ਸਿੰਘ ਜੰਡਾਂ ,ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹੁਸ਼ਿਆਰਪੁਰ ਸੁਖਵਿੰਦਰ ਸਿੰਘ ਮੂਨਕ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਇੱਕ ਨਾ ਕਾਮਯਾਬ ਪ੍ਰਧਾਨ ਸਾਬਤ ਹੋਏ ਹਨ | ਉਨ੍ਹਾਂ ਨੇ ਆਪ ਮੰਨਿਆ ਹੈ ਕਿ ਮੈਂ ਮੇਰੇ ਕਾਰਜਕਾਲ ਦੇ ਵਿਚ ਜਿਹੜੇ ਘਪਲੇ ਹਨ, ਉਸ ਕਰਕੇ ਮੇਰਾ ਮਨ ਬਹੁਤ ਦੁਖੀ ਹੈ | ਉਕਤ ਆਗੂਆਂ ਨੇ ਕਿਹਾ ਕਿ ਧਾਮੀ ਸਾਹਿਬ ਨੂੰ ਇਸ ਪ੍ਰਧਾਨਗੀ ਦੇ ਅਹੁਦੇ ਤੋਂ ਤੁਰੰਤ ਲਾਂਭੇ ਹੋ ਜਾਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਧਾਮੀ ਸਾਹਿਬ ਨੂੰ ਬਜਾਏ ਇਸ ਦੇ ਖ਼ੁਦ ਜ਼ਿੰਮੇਵਾਰੀ ਸੰਭਾਲਦੇ ਹੋਏ ਲਾਂਭੇ ਹੋਣ ਪਰ ਉਲਟਾ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਾਹਿਬ ਨੂੰ ਨੋਟਿਸ ਜਾਰੀ ਕੀਤਾ ਜਾ ਰਿਹਾ ਹੈ | ਪ੍ਰਧਾਨ ਧਾਮੀ ਨੂੰ ਗਿਆਨੀ ਰਘਬੀਰ ਸਿੰਘ ਵਲੋਂ ਚੁੱਕੇ ਗਏ ਸਵਾਲਾਂ ਦੀ ਜਾਂਚ ਕਰਕੇ ਉਚਿੱਤ ਕਦਮ ਉਠਾਉਣੇ ਚਾਹੀਦੇ ਸਨ | ਇਸ ਮੌਕੇ ਜਥੇਦਾਰ ਕਿਰਪਾਲ ਸਿੰਘ ਜਾਜਾ, ਜਥੇਦਾਰ ਜਸਵਿੰਦਰ ਸਿੰਘ ਟਾਂਡਾ, ਜਥੇਦਾਰ ਮਲਕੀਤ ਸਿੰਘ ਮੂਨਕ ਖ਼ੁਰਦ, ਪੰਚ ਪਿ੍ਥੀ ਸਿੰਘ ਬੋਲੇਵਾਲ, ਰਤਨ ਸਿੰਘ ਖੋਖਰ, ਅਮਰਜੀਤ ਸਿੰਘ ਖੋਖਰ, ਦਲਵੀਰ ਸਿੰਘ ਕੋਚ, ਮਨੀ ਸਿੰਘ ਕਲੋਆ, ਰਵਿੰਦਰ ਸਿੰਘ ਮੋਮੀ, ਜਥੇਦਾਰ ਅਵਤਾਰ ਸਿੰਘ, ਬਲਵਿੰਦਰ ਸਿੰਘ ਮਿਆਣੀ, ਸੁਰਿੰਦਰ ਸਿੰਘ ਠਾਕਰੀ, ਸੁਖਬੀਰ ਸਿੰਘ ਕਾਕਾ, ਮਨਜੀਤ ਸਿੰਘ ਬੂਟੀ, ਇੰਦਰਜੀਤ ਸਿੰਘ ਕਾਕਾ ਤੋਂ ਇਲਾਵਾ ਹੋਰ ਆਗੂ ਹਾਜ਼ਰ ਸਨ |