ਹੁਸ਼ਿਆਰਪੁਰ, 22 ਫਰਵਰੀ (ਬਲਜਿੰਦਰਪਾਲ ਸਿੰਘ)-ਮਾਸਟਰ ਲਾਲ ਸਿੰਘ ਕਹਾਣੀਕਾਰ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਲੇਖਕ ਰਘੁਵੀਰ ਸਿੰਘ ਟੇਰਕਿਆਣਾ ਨੇ ਕਿਹਾ ਕਿ ਉਨ੍ਹਾਂ ਦੇ ਵਿਛੋੜੇ ਨਾਲ ਨਾ ਸਿਰਫ਼ ਸਮਾਜ ਬਲਕਿ ਪੰਜਾਬੀ ਸਾਹਿੱਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਉਨ੍ਹਾਂ ਕਿਹਾ ਕਿ ਮਾਸਟਰ ਲਾਲ ਸਿੰਘ ਨੇ ਲੰਬਾ ਸਮਾਂ ਪੰਜਾਬੀ ਸਾਹਿੱਤ ਦੀ ਸੇਵਾ ਕੀਤੀ ਅਤੇ ਉਨ੍ਹਾਂ ਵੱਲੋਂ ਸਾਹਿੱਤਿਕ ਹਲਕਿਆਂ 'ਚ ਦਿੱਤੀਆਂ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ | ਉਨ੍ਹਾਂ ਕਿਹਾ ਕਿ ਮਾਸਟਰ ਲਾਲ ਸਿੰਘ ਆਮ ਲੋਕਾਂ ਦੇ ਲੇਖਕ ਸਨ ਅਤੇ ਉਹ ਲੋਕਾਂ ਦੀਆਂ ਮੁਸ਼ਕਲਾਂ, ਮੁਸੀਬਤਾਂ ਅਤੇ ਦਰਦਾਂ ਨੂੰ ਸਮਝ ਕੇ ਕਹਾਣੀ ਦਾ ਚਿਤਰਨ ਕਰਦੇ ਸਨ | ਉਨ੍ਹਾਂ ਕਿਹਾ ਕਿ ਉਹ ਮੌਜੂਦਾ ਰਾਜਸੀ, ਭਿ੍ਸ਼ਟ ਨਿਜ਼ਾਮ ਅਤੇ ਸਮਾਜਿਕ ਤਾਣੇ ਬਾਣੇ ਤੋਂ ਸੰਤੁਸ਼ਟ ਨਹੀਂ ਸਨ ਜਿਸਦਾ ਜ਼ਿਕਰ ਉਹ ਆਪਣੀਆਂ ਕਹਾਣੀਆਂ 'ਚ ਕਰਦੇ ਰਹਿੰਦੇ ਸਨ | ਟੇਰਕਿਆਣਾ ਨੇ ਕਿਹਾ ਕਿ ਉਨ੍ਹਾਂ ਦੀਆਂ ਵਡਮੁੱਲੀਆਂ ਲਿਖਤਾਂ ਨੂੰ ਹਮੇਸ਼ਾ ਯਾਦ ਰੱਖਣਗੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਦਾ ਯਤਨ ਕਰਨਗੇ |