• ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਕੀਤੀ ਜਾਂਚ ਦੀ ਮੰਗ
ਹੁਸ਼ਿਆਰਪੁਰ, 24 ਫਰਵਰੀ (ਬਲਜਿੰਦਰਪਾਲ ਸਿੰਘ)-ਇਕਲੌਤੇ ਪੁੱਤਰ ਦੀ ਮੌਤ ਹੋ ਜਾਣ ਤੋਂ ਬਾਅਦ ਉਸ ਦੇ ਮਾਤਾ-ਪਿਤਾ ਨੇ ਪੁਲਿਸ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਕੋਲ ਇਨਸਾਫ਼ ਲਈ ਗੁਹਾਰ ਲਗਾਉਂਦਿਆਂ ਕਿਹਾ ਉਨ੍ਹਾਂ ਦੇ ਪੁੱਤਰ ਦੀ ਮੌਤ ਸੜਕ ਹਾਦਸੇ 'ਚ ਨਹੀਂ ਹੋਈ ਬਲਕਿ ਉਸ ਦਾ ਕਤਲ ਕੀਤਾ ਗਿਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮਿ੍ਤਕ ਨੌਜਵਾਨ ਸੰਦੀਪ ਸਿੰਘ ਦੀ ਮਾਤਾ ਪਵਨਦੀਪ ਕੌਰ ਤੇ ਪਿਤਾ ਸੁਨੀਲ ਦੱਤ ਵਾਸੀ ਪਿੰਡ ਬੱਸੀ ਮਰੂਫ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਸੰਦੀਪ ਸਿੰਘ ਬੀਤੀ 3 ਜਨਵਰੀ ਨੂੰ ਆਪਣੇ ਦੋਸਤ ਨਾਲ ਕਿਸੇ ਕੰਮ ਲਈ ਜਲੰਧਰ ਗਿਆ ਸੀ | ਉਨ੍ਹਾਂ ਦੱਸਿਆ ਕਿ ਇਸ ਦੌਰਾਨ ਉਨ੍ਹਾਂ ਨੂੰ ਫ਼ੋਨ ਆਇਆ ਕਿ ਉਨ੍ਹਾਂ ਦਾ ਪੱੁਤਰ ਜ਼ਖਮੀ ਹਾਲਤ 'ਚ ਸਿਵਲ ਹਸਪਤਾਲ ਵਿਚ ਹੈ ਤੇ ਜਦੋਂ ਉਹ ਮੌਕੇ 'ਤੇ ਪਹੁੰਚਦੇ ਹਨ ਤਾਂ ਉਨ੍ਹਾਂ ਦੇ ਪੁੱਤਰ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਸੀ | ਉਨ੍ਹਾਂ ਦੱਸਿਆ ਕਿ ਇਸ ਦੌਰਾਨ ਪੁਲਿਸ ਵਲੋਂ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਉਨ੍ਹਾਂ ਦੇ ਪੁੱਤਰ ਦਾ ਐਕਸੀਡੈਂਟ ਹੋਇਆ ਹੈ |
ਉਨ੍ਹਾਂ ਸ਼ੱਕ ਜ਼ਾਹਿਰ ਕਰਦਿਆਂ ਕਿਹਾ ਕਿ ਜਿਸ ਮੋਟਰਸਾਈਕਲ 'ਤੇ ਸੰਦੀਪ ਗਿਆ ਸੀ ਉਸ ਮੋਟਰਸਾਈਕਲ 'ਤੇ ਕੋਈ ਝਰੀਟ ਤੱਕ ਨਹੀਂ ਆਈ ਅਤੇ ਨਾ ਹੀ ਉਸ ਦੇ ਦੋਸਤ ਦੇ ਕੋਈ ਸੱਟ ਫੇਟ ਲੱਗੀ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਦਾ ਕਤਲ ਹੋਇਆ ਹੈ ਕਿਉਂਕਿ ਪੁੱਤਰ ਦੇ ਹੱਥ 'ਚੋਂ ਕੜਾ ਅਤੇ ਗਲੇ 'ਚੋਂ ਸੋਨੇ ਦੀ ਚੇਨ ਵੀ ਗ਼ਾਇਬ ਸੀ | ਉਨ੍ਹਾਂ ਪੁਲਿਸ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇ ਅਤੇ ਸੱਚ ਨੂੰ ਸਾਹਮਣੇ ਲਿਆਂਦਾ ਜਾਵੇ |
ਮਾਪਿਆਂ ਦਾ ਦੋਸ਼ : ਸੜਕ ਹਾਦਸੇ 'ਚ ਮੌਤ ਨਹੀਂ ਬਲਕਿ ਪੁੱਤਰ ਦਾ ਕੀਤਾ ਗਿਆ ਕਤਲ
ਅਜੀਤ ਡੈਸਕ
25-02-2026