ਬੀਣੇਵਾਲ, 5 ਅਪੈ੍ਰਲ (ਬੈਜ ਚੌਧਰੀ)-ਡੀ. ਸੀ. ਹੁਸ਼ਿਆਰਪੁਰ ਵਲੋਂ ਜਾਰੀ ਕੀਤੇ ਜਾਂਦੇ ਆਮ ਹੁਕਮਾਂ ਦੀ ਹੇਠਲੇ ਪੱਧਰ 'ਤੇ ਕੋਈ ਕਾਰਵਾਈ ਨਹੀਂ ਹੋ ਰਹੀ | ਡਿਪਟੀ ਕਮਿਸ਼ਨਰ ਵਲੋਂ ਜਾਰੀ ਹੁਕਮਾਂ ਦੀ ਕਿੰਨੀ ਕੁ ਪਾਲਣਾ ਹੋ ਰਹੀ ਹੈ, ਇਸਦੀ ਮਿਸਾਲ ਹੈ ਨੋ ਐਂਟਰੀ ਦੇ ਬਾਵਜੂਦ ਸ਼ਰੇਆਮ ਦਿਨ ਵੇਲੇ ਅੱਡਾ ਝੁੰਗੀਆਂ ਵਿਚ ਚੱਲ ਰਹੇ ਟਿੱਪਰ ਹਨ | ਇਹ ਲੱਗ ਰਿਹਾ ਹੈ ਕਿ ਹੇਠਲੇ ਪੱਧਰ ਦੇ ਕਰਮਚਾਰੀ ਡੀ. ਸੀ. ਨੂੰ ਰਿਪੋਰਟ ਸਹੀ ਨਹੀਂ ਭੇਜ ਰਹੇ ਜਾਂ ਫਿਰ ਅਧਿਕਾਰੀ ਰਾਜਨੀਤਿਕ ਦਬਾ ਹੇਠ ਹੁਕਮਾਂ ਨੂੰ ਅਣਗੌਲਿਆ ਕਰ ਰਹੇ ਹਨ | ਖ਼ੈਰ ਕੁੱਝ ਵੀ ਹੋਵੇ ਦਾਲ ਵਿਚ ਕੁੱਝ ਕਾਲਾ ਜ਼ਰੂਰ ਦਿਖਾਈ ਦੇ ਰਿਹਾ ਹੈ | ਜਾਣਕਾਰੀ ਮੁਤਾਬਿਕ ਡੀ. ਸੀ. ਵਲੋਂ ਆਮ ਹੁਕਮਾਂ ਅਧੀਨ ਗੜ੍ਹਸ਼ੰਕਰ ਨੰਗਲ ਰੋਡ ਅਤੇ ਮਾਹਿਲਪੁਰ ਜੇਜੋਂ ਰੋਡ ਤੇ ਦਿਨ ਵੇਲੇ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤਕ ਟਿੱਪਰ ਚੱਲਣ 'ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ ਪਰ ਜੇਕਰ ਮੌਕੇ ਤੇ ਦੇਖਿਆ ਜਾਵੇ ਤਾਂ ਇਸੇ ਰੋਡ ਤੇ ਪੈਂਦੇ ਅੱਡਾ ਝੁੰਗੀਆਂ ਵਿਚ ਸਾਰਾ ਸਾਰਾ ਦਿਨ ਸ਼ਰੇਆਮ ਟਿੱਪਰ ਚੱਲਦੇ ਹਨ | ਜੇਕਰ ਕਿਸੇ ਅਧਿਕਾਰੀ ਨੂੰ ਇਸ ਸਬੰਧੀ ਪੱਖ ਜਾਨਣ ਲਈ ਸੰਪਰਕ ਕੀਤਾ ਜਾਵੇ ਤਾਂ ਲਗ ਭਗ ਇੱਕੋ ਜਵਾਬ ਮਿਲਦਾ ਹੈ ਕਿ ਪੁਲਿਸ, ਮਾਈਨਿੰਗ ਵਿਭਾਗ ਤੇ ਆਰ. ਟੀ. ਏ. ਹੁਸ਼ਿਆਰਪੁਰ ਦੀ ਸਾਂਝੀ ਜ਼ਿੰਮੇਵਾਰੀ ਹੈ | ਪੁਲਿਸ ਦਾ ਕਹਿਣਾ ਹੈ ਕਿ ਸਾਡੀ ਜ਼ਿੰਮੇਵਾਰੀ ਹੈ ਨਾਲ ਹੀ ਮਾਈਨਿੰਗ ਵਿਭਾਗ ਦੀ ਅਤੇ ਆਰ. ਟੀ. ਏ. ਦੀ ਵੀ ਜ਼ਿੰਮੇਵਾਰੀ ਹੈ | ਕੁੱਲ ਮਿਲਾ ਕੇ ਪੁਲਿਸ ਤਾਂ ਇੱਕਾ ਦੁੱਕਾ ਕਾਰਵਾਈ ਪਾ ਕੇ ਸਾਰ ਲੈਂਦੀ ਹੈ ਪਰ ਮਾਈਨਿੰਗ ਵਿਭਾਗ ਤੇ ਆਰ.ਟੀ.ਏ. ਨੂੰ ਤਾਂ ਲੱਗਦਾ ਜਿਵੇਂ ਉਸ ਨੂੰ ਕਿਸੇ ਦੀ ਕੋਈ ਪ੍ਰਵਾਹ ਹੀ ਨਹੀਂ ਹੈ | ਉੱਧਰ ਮਾਈਨਿੰਗ ਵਿਭਾਗ ਦੇ ਜੇ. ਈ. ਲਵਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਨੋ ਐਂਟਰੀ ਨੂੰ ਰੋਕਣਾ ਸਾਡਾ ਕੰਮ ਨਹੀਂ | ਇਹ ਪੁਲਿਸ ਦਾ ਕੰਮ ਹੈ ਜਾਂ ਆਰ. ਟੀ. ਏ. ਦਾ ਪੱਖ ਜਾਣਨ ਲਈ ਜਦ ਆਰ.ਟੀ.ਏ. ਅਮਨਦੀਪ ਕੌਰ ਘੁੰਮਣ ਨਾਲ ਫ਼ੋਨ 'ਤੇ ਰਾਬਤਾ ਕਾਇਮ ਕਰਨਾ ਚਾਹਿਆ ਤਾਂ ਉਨ੍ਹਾਂ ਫ਼ੋਨ ਨਹੀਂ ਚੁੱਕਿਆ |