ਟਾਂਡਾ ਉੜਮੁੜ, 9 ਅਪ੍ਰੈਲ (ਭਗਵਾਨ ਸਿੰਘ ਸੈਣੀ)- ਬੀਤੇ ਦਿਨ ਅਮਰੀਕਾ ਵਿਖੇ ਰੋਜ਼ੀ ਰੋਟੀ ਕਮਾਉਣ ਗਏ ਗਿਲਜੀਆਂ ਦੇ ਪਲਵਿੰਦਰ ਸਿੰਘ ਜੋ ਕਿ ਅਮਰੀਕਾ ਵਿਚ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ | ਉਨ੍ਹਾਂ ਦੇ ਪਰਿਵਾਰ ਦੀ ਸਹਾਇਤਾ ਲਈ ਸਿੱਖ ਸੰਤ ਬਾਬਾ ਪ੍ਰੇਮ ਸਿੰਘ ਸਿੱਖ ਕਲਚਰ ਸੋਸਾਇਟੀ ਨਿਊਯਾਰਕ ਸਾਹਮਣੇ ਆਈ ਅਤੇ ਪਹਿਲਾਂ ਉਨ੍ਹਾਂ ਨੇ ਪਲਵਿੰਦਰ ਸਿੰਘ ਦੀ ਮਿ੍ਤਕ ਦੇਹ ਨੂੰ ਪ੍ਰਬੰਧ ਕਰਕੇ ਇੰਡੀਆ ਉਨ੍ਹਾਂ ਦੇ ਪਰਿਵਾਰ ਕੋਲ ਭੇਜਿਆ ਤੇ ਹੁਣ ਪ੍ਰਧਾਨ ਜਸਵਿੰਦਰ ਸਿੰਘ ਜੱਸੀ, ਸਮੂਹ ਮੈਂਬਰਾਂ ਦੇ ਸਹਿਯੋਗ ਨਾਲ 21 ਲੱਖ 11000 ਦੀ ਰਾਸ਼ੀ ਪਿੰਡ ਗਿਲਜੀਆਂ ਦੇ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਗਿੱਲਜੀਆ ਰਾਹੀਂ ਮਿ੍ਤਕ ਪਲਵਿੰਦਰ ਸਿੰਘ ਦੀ ਮਾਤਾ ਦਰਸ਼ਨ ਕੌਰ ਅਤੇ ਭੈਣ ਤਰਨਜੀਤ ਕੌਰ ਨੂੰ ਦਿੱਤੀ ਗਈ | ਲੱਖੀ ਗਿੱਲਜੀਆ ਨੇ ਮਿ੍ਤਕ ਪਲਵਿੰਦਰ ਦੀ ਮਾਤਾ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਬੇਟੇ ਦੇ ਵਿਛੋੜੇ ਦਾ ਸਾਰੇ ਇਲਾਕੇ ਨੂੰ ਬਹੁਤ ਦੁੱਖ ਹੈ ਜਿਸ ਦੀ ਭਰਪਾਈ ਨਹੀਂ ਹੋ ਸਕਦੀ | ਪ੍ਰਮਾਤਮਾ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਵੇ ਅਤੇ ਉਸ ਦੀ ਮਾਤਾ ਅਤੇ ਉਸ ਦੀ ਭੈਣ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ | ਇਸ ਮੌਕੇ ਨੰਬਰਦਾਰ ਸੁਖਵਿੰਦਰਜੀਤ ਸਿੰਘ, ਜੋਗਿੰਦਰ ਸਿੰਘ ਪੰਚ, ਸੁਖਦੇਵ ਸਿੰਘ ਪੰਚ, ਕੁਲਵਿੰਦਰਜੀਤ ਸਿੰਘ ਪੰਚ, ਨਿਸ਼ਾਨ ਸਿੰਘ ਜੋੜੀਆਂ, ਸੁਰਿੰਦਰ ਸਿੰਘ ਸ਼ਿੰਦਾ, ਕਸ਼ਮੀਰ ਸਿੰਘ, ਕੁਲਦੀਪ ਸਿੰਘ, ਕੈਪਟਨ ਗੁਰਬਚਨ ਸਿੰਘ, ਚਰਨ ਸਿੰਘ ਆਦਿ ਹਾਜ਼ਰ ਸਨ |