ਮੁਕੇਰੀਆਂ, 9 ਅਪ੍ਰੈਲ (ਰਾਮਗੜ੍ਹੀਆ)- ਮੁਕੇਰੀਆਂ ਅਧੀਨ ਪੈਂਦੇ ਪਿੰਡ ਮੁਸਾਹਿਬਪੁਰ ਦੇ ਨੌਜਵਾਨ ਰਜਿੰਦਰ ਸਿੰਘ ਦੀ ਅਮਰੀਕਾ ਦੇ ਸ਼ਹਿਰ ਮਿਨੇਸੋਟਾ ਵਿਖੇ ਦਿਲ ਦੀ ਗਤੀ ਰੁਕ ਜਾਣ ਕਰਕੇ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਮੁਕੇਰੀਆਂ ਦੇ ਨਜ਼ਦੀਕੀ ਪਿੰਡ ਮੁਸਾਹਿਬਪੁਰ ਦਾ ਨੌਜਵਾਨ ਰਜਿੰਦਰ ਸਿੰਘ ਜੋ ਕਿ ਦੋ ਸਾਲ ਪਹਿਲਾਂ ਰੋਜ਼ੀ ਰੋਟੀ ਦੀ ਭਾਲ ਲਈ ਅਮਰੀਕਾ ਗਿਆ ਜਿੱਥੇ ਬੀਤੇ ਦਿਨੀਂ ਉਸ ਦੀ ਦਿਲ ਦੀ ਗਤੀ ਰੁਕਣ ਕਰਕੇ ਮੌਤ ਹੋ ਗਈ | ਪਰਿਵਾਰਕ ਮੈਂਬਰਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਮਿ੍ਤਕ ਰਜਿੰਦਰ ਸਿੰਘ ਪਰਿਵਾਰ ਦਾ ਇਕਲੌਤਾ ਸਹਾਰਾ ਸੀ | ਉਨ੍ਹਾਂ ਕਿਹਾ ਮਿ੍ਤਕ ਰਜਿੰਦਰ ਸਿੰਘ ਦੇ ਦੋਸਤ ਨੇ ਸੂਚਨਾ ਦਿੱਤੀ ਕਿ ਰਜਿੰਦਰ ਸਿੰਘ ਦੀ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ | ਪੀੜਤ ਪਰਿਵਾਰ ਨੇ ਸਰਕਾਰ ਪਾਸੋਂ ਰਜਿੰਦਰ ਸਿੰਘ ਦੇ ਮਿ੍ਤਕ ਸਰੀਰ ਨੂੰ ਜਲਦ ਤੋਂ ਜਲਦ ਪਿੰਡ ਪਹੁੰਚਾਉਣ ਵਿਚ ਮਦਦ ਕਰਨ ਦੀ ਗੁਹਾਰ ਲਗਾਈ ਹੈ ਤਾਂ ਜੋ ਉਸ ਦੀਆਂ ਅੰਤਿਮ ਰਸਮਾਂ ਪੂਰੀਆਂ ਕੀਤੀਆਂ ਜਾ ਸਕਣ | ਮਿ੍ਤਕ ਰਜਿੰਦਰ ਸਿੰਘ ਆਪਣੇ ਪਿੱਛੇ ਦੋ ਬੇਟੀਆਂ ਅਤੇ ਪਤਨੀ ਨੂੰ ਰੋਂਦੇ ਕੁਰਲਾਉਂਦੇ ਹੋਏ ਛੱਡ ਗਿਆ ਹੈ | ਰਜਿੰਦਰ ਸਿੰਘ ਦੀ ਮੌਤ ਦੀ ਖ਼ਬਰ ਸੁਣਦਿਆਂ ਪੂਰੇ ਇਲਾਕੇ ਦੀ ਸੋਗ ਦੀ ਲਹਿਰ ਦੌੜ ਅਤੇ ਵੱਖ-ਵੱਖ ਸ਼ਖ਼ਸੀਅਤਾਂ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚ ਰਹੇ ਸਨ |