ਹੁਸ਼ਿਆਰਪੁਰ, 23 ਅਪ੍ਰੈਲ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸਰਕਾਰੀ ਐਲੀਮੈਂਟਰੀ ਸਕੂਲ ਠੁਆਣਾ ਦੇ ਇਕ ਅਧਿਆਪਕ ਦੀ ਵੀਡੀਓ ਵਾਇਰਲ ਹੋਣ ਤੇ ਪਿੰਡ ਦੀ ਗ੍ਰਾਮ ਪੰਚਾਇਤ, ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਅਤੇ ਕਾਂਗਰਸ ਐੱਸ. ਸੀ. ਡਿਪਾਰਟਮੈਂਟ ਪੰਜਾਬ ਦੇ ਵਾਇਸ ਪ੍ਰਧਾਨ ਸੋਢੀ ਬਡਿਆਲ ਦੀ ਅਗਵਾਈ ਵਿਚ ਵਫ਼ਦ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੂੰ ਮਿਲਿਆ ਤੇ ਸਕੂਲ ਵਿਚ ਮਾਹੌਲ ਵਿਗੜਨ ਤੋਂ ਬਚਾਉਣ ਲਈ ਲਿਖਤੀ ਮੰਗ ਪੱਤਰ ਦੇ ਕੇ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ | ਇਸ ਸੰਬੰਧੀ ਡਿਪਟੀ ਕਮਿਸ਼ਨਰ ਨੇ ਤੁਰੰਤ ਕਾਰਵਾਈ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਕੈਪਟਨ ਗੁਰਪ੍ਰੀਤ ਕੌਰ ਤੋਂ 1 ਹਫ਼ਤੇ ਵਿਚ ਜਾਂਚ ਦੀ ਰਿਪੋਰਟ ਮੰਗ ਲਈ | ਇਸ ਸਬੰਧ ਵਿਚ ਸਰਪੰਚ ਗ੍ਰਾਮ ਪੰਚਾਇਤ ਅਤੇ ਪੰਚਾਇਤ ਮੈਂਬਰਾਂ ਨੇ ਦੱਸਿਆ ਕਿ ਉਹ ਸਰਕਾਰੀ ਸਕੂਲ ਵਿਚ ਬੱਚਿਆਂ ਦੀ ਗਿਣਤੀ ਵਧਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਬੱਚਿਆਂ ਦੇ ਮਾਪੇ ਸਕੂਲ ਦੇ ਮਾਹੌਲ ਪ੍ਰਤੀ ਅਨੇਕਾਂ ਸਵਾਲ ਕਰਦੇ ਹਨ | ਸਰਪੰਚ ਮੀਨਾ ਰਾਣੀ ਨੇ ਕਿਹਾ ਕਿ ਸਰਕਾਰੀ ਐਲੀਮੈਂਟਰੀ ਸਕੂਲ ਵਿਚੋਂ ਵੀਡੀਓ ਵਿਚ ਦਿਖਾਈ ਦੇਣ ਵਾਲੀ ਮਹਿਲਾ ਅਧਿਆਪਕ ਦੀ ਤੁਰੰਤ ਪਿੰਡ ਦੇ ਸਕੂਲ ਵਿਚੋਂ ਬਦਲੀ ਕੀਤੀ ਜਾਵੇ ਤਾਂਕਿ ਸਕੂਲ ਦਾ ਮਾਹੌਲ ਠੀਕ ਹੋ ਸਕੇ | ਧੀਮਾਨ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਕੂਲਾਂ ਵਿਚ ਨੈਤਿਕਤਾ ਸਬੰਧੀ ਸਖ਼ਤ ਗਾਈਡ ਲਾਇਨ ਜਾਰੀ ਕੀਤੀਆਂ ਜਾਣ ਤਾਂ ਕਿ ਅਜਿਹੀਆਂ ਸ਼ਰਮਨਾਕ ਘਟਨਾਵਾਂ ਮੁੜ ਨਾ ਵਾਪਰ ਸਕਣ | ਇਸ ਮੌਕੇ ਗੁਰਜਿੰਦਰ ਕੌਰ, ਗੁਰਨੇਕ ਸਿੰਘ, ਪ੍ਰਭਜੋਤ ਸਿੰਘ ,ਰਾਮ ਚੰਦ, ਸੁਰਜੀਤ ਸਿੰਘ, ਜਸਵੀਰ ਸਿੰਘ ਤੇ ਗਰਦਾਵਰ ਸਿੰਘ ਆਦਿ ਹਾਜ਼ਰ ਸਨ |