ਗੜ੍ਹਸ਼ੰਕਰ, 2 ਮਈ (ਧਾਲੀਵਾਲ)-ਗਰਮੀ ਦੇ ਪ੍ਰਕੋਪ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਅਜਿਹੇ ਵਿਚ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਦਾ ਸਮੇਂ-ਸਮੇਂ 'ਤੇ ਪਾਲਣ ਕਰਨ | ਇਹ ਪ੍ਰਗਟਾਵਾ ਡਾ. ਅਜੇ ਬਸਰਾ ਸੀਨੀਅਰ ਮੈਡੀਕਲ ਅਫ਼ਸਰ ਸਿਵਲ ਹਸਪਤਾਲ ਗੜ੍ਹਸ਼ੰਕਰ ਵਲੋਂ ਕੀਤਾ | ਉਨ੍ਹਾਂ ਕਿਹਾ ਕਿ ਇਨ੍ਹਾਂ ਦਿਨਾਂ 'ਚ ਗਰਮੀ ਦੀ ਲਹਿਰ (ਹੀਟ ਵੇਵ) ਦਾ ਖ਼ਤਰਾ ਵਧ ਗਿਆ ਹੈ ਤੇ ਅਜਿਹੀ ਸਥਿਤੀ ਵਿਚ ਸਮੇਂ-ਸਮੇਂ 'ਤੇ ਪੀਣ ਲਈ ਪਾਣੀ ਦੀ ਵਰਤੋਂ ਕਰਦਿਆਂ ਖ਼ੁਦ ਨੂੰ ਹਾਈਡ੍ਰੇਟ ਰੱਖਣਾ, ਘਰ ਤੋਂ ਬਾਹਰ ਨਿਕਲਦੇ ਸਮੇਂ ਸਿਰ ਨੂੰ ਡਕਣਾ ਬਹੁਤ ਜ਼ਰੂਰੀ ਹੈ | ਗਰਮੀ ਦੇ ਮੌਸਮ ਵਿਚ ਹਲਕੇ ਰੰਗ ਤੇ ਢਿੱਲੇ ਕੱਪੜੇ ਪਹਿਨਣ ਅਤੇ ਪੀਣ ਲਈ ਨਿੰਬੂ ਪਾਣੀ, ਲੱਸੀ ਆਦਿ ਤਰਲ ਪਦਾਰਥਾਂ ਦਾ ਵਧੇਰੇ ਸੇਵਨ ਕਰਨ ਦੀ ਸਲਾਹ ਦਿੰਦੇ ਹੋਏ ਡਾ. ਬਸਰਾ ਨੇ ਕਿਹਾ ਕਿ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਬਿਨਾਂ ਕਿਸੇ ਜ਼ਰੂਰੀ ਕੰਮ ਤੋਂ ਧੁੱਪ ਵਿਚ ਜਾਣ ਤੋਂ ਗੁਰੇਜ਼ ਕੀਤਾ ਜਾਵੇ | ਬੱਚਿਆਂ, ਬਜ਼ੁਰਗਾਂ ਤੇ ਬਿਮਾਰ ਵਿਅਕਤੀਆਂ ਦਾ ਵਿਸ਼ੇਸ਼ ਤੌਰ 'ਤੇ ਖ਼ਿਆਲ ਰੱਖਿਆ ਜਾਵੇ | ਡਾ. ਅਜੇ ਬਸਰਾ ਨੇ ਕਿਹਾ ਕਿ ਗਰਮੀ ਦੇ ਪ੍ਰਕੋਪ 'ਚ ਲਗਾਤਾਰ ਵਾਧਾ ਹੋ ਰਿਹਾ ਹੈ, ਅਜਿਹੇ ਵਿਚ ਇਨ੍ਹਾਂ ਹਦਾਇਤਾਂ ਦਾ ਪਾਲਣ ਕਰਨ ਵਿਚ ਹੀ ਹਰ ਇਕ ਦੀ ਭਲਾਈ ਹੈ |