ਗੜ੍ਹਸ਼ੰਕਰ, 21 ਮਈ (ਧਾਲੀਵਾਲ)-ਬੀਤੀ ਰਾਤ ਗੜ੍ਹਸ਼ੰਕਰ ਨੇੜੇ ਹੁਸ਼ਿਆਰਪੁਰ ਰੋਡ 'ਤੇ ਸਥਿਤ ਪਿੰਡ ਗੋਲੀਆਂ ਵਿਖੇ ਟਰੱਕ ਅਤੇ ਟਰਾਲੇ ਦਰਮਿਆਨ ਹੋਈ ਟੱਕਰ 'ਚ ਟਰੱਕ ਚਾਲਕ ਦੀ ਮੌਤ ਹੋਣ ਦੀ ਖ਼ਬਰ ਹੈ | ਗੜ੍ਹਸ਼ੰਕਰ-ਹੁਸ਼ਿਆਰਪੁਰ ਸੜਕ 'ਤੇ ਤਿੰਨ ਦਿਨਾਂ 'ਚ ਵਾਪਰੇ ਤਿੰਨ ਹਾਦਸਿਆਂ 'ਚ ਤਿੰਨ ਮੌਤਾਂ ਹੋ ਗਈਆਂ ਹਨ | ਬੀਤੀ ਦੇਰ ਰਾਤ ਵਾਪਰੇ ਸੜਕ ਹਾਦਸੇ ਸੰਬੰਧੀ ਇਕੱਤਰ ਜਾਣਕਾਰੀ ਅਨੁਸਾਰ ਸੈਲਾ ਪੇਪਰ ਮਿੱਲ ਤੋਂ ਪੇਪਰ ਲੈ ਕੇ ਗੜ੍ਹਸ਼ੰਕਰ ਵੱਲ ਨੂੰ ਆ ਰਹੇ ਟਰੱਕ ਨੰਬਰ ਪੀ.ਬੀ. 07 ਏ.ਐੱਫ. 2605 ਦੀ ਟੱਕਰ ਗੜ੍ਹਸ਼ੰਕਰ ਤੋਂ ਹੁਸ਼ਿਆਰਪੁਰ ਵੱਲ ਨੂੰ ਜਾ ਰਹੇ 18 ਟਾਇਰੇ ਟਰਾਲੇ ਨੰਬਰ ਪੀ.ਬੀ. 02 ਈ.ਐੱਫ.-9400 ਨਾਲ ਹੋ ਗਈ | ਹਾਦਸਾ ਐਨਾ ਭਿਆਨਕ ਸੀ ਕਿ ਟਰੱਕ ਦਾ ਡਰਾਈਵਰ ਸਾਈਡ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ | ਇਸ ਹਾਦਸੇ 'ਚ ਟਰੱਕ ਚਾਲਕ ਜੀਵਨ ਕੁਮਾਰ (37) ਪੁੱਤਰ ਨਰੇਸ਼ ਕੁਮਾਰ ਵਾਸੀ ਸੈਲਾ ਖੁਰਦ ਦੀ ਮੌਤ ਹੋ ਗਈ | ਟਿੱਪਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ | ਏ. ਐੱਸ. ਆਈ. ਰਵੀਸ਼ ਕੁਮਾਰ ਵਲੋਂ ਘਟਨਾ ਸੰਬੰਧੀ ਕਾਰਵਾਈ ਕੀਤੀ ਜਾ ਰਹੀ ਹੈ |