ਟਾਂਡਾ ਉੜਮੁੜ, 21 ਮਈ (ਭਗਵਾਨ ਸਿੰਘ ਸੈਣੀ)-ਇਕ ਪਾਸੇ ਪੰਜਾਬ ਸਰਕਾਰ ਵਲੋਂ ਇਹ ਦਾਅਵੇ ਕੀਤੇ ਜਾ ਰਹੇ ਹਨ ਕਿ ਮੰਡੀਆਂ 'ਚੋਂ ਕਣਕ ਦੀ ਲਿਫਟਿੰਗ ਮੁਕੰਮਲ ਕਰ ਲਈ ਗਈ ਹੈ, ਪਰ ਦੂਜੇ ਪਾਸੇ ਬਲਾਕ ਟਾਂਡਾ ਅਧੀਨ ਪੈਂਦੇ ਪਿੰਡ ਜਲਾਲਪੁਰ ਦੀ ਮੰਡੀ ਵਿਚ ਅਜੇ ਤੱਕ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਕਿਸਾਨਾਂ, ਆੜ੍ਹਤੀਆਂ ਤੇ ਮਜ਼ਦੂਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਆਪਣੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਲਈ ਕਿਸਾਨਾਂ ਤੇ ਆੜ੍ਹਤੀਆਂ ਵਲੋਂ ਅੱਜ ਸਵੇਰੇ ਬਿਆਸ ਦਰਿਆ ਦੇ ਪੁਲ 'ਤੇ ਧਰਨਾ ਲਗਾ ਦਿੱਤਾ ਗਿਆ | ਇਹ ਧਰਨਾ ਕਰੀਬ ਇਕ ਘੰਟੇ ਤੱਕ ਜਾਰੀ ਰਿਹਾ, ਜਿਸ ਕਾਰਨ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਤੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਧਰਨੇ ਦੀ ਸੂਚਨਾ ਮਿਲਣ ਉਪਰੰਤ ਐਸ. ਐਚ. ਓ. ਗੁਰਿੰਦਰਜੀਤ ਸਿੰਘ ਨਾਗਰਾ ਤੇ ਤਹਿਸੀਲਦਾਰ ਟਾਂਡਾ ਮੌਕੇ 'ਤੇ ਪਹੁੰਚੇ | ਉਨ੍ਹਾਂ ਵਲੋਂ ਕਿਸਾਨਾਂ ਤੇ ਆੜ੍ਹਤੀਆਂ ਨਾਲ ਗੱਲਬਾਤ ਕਰਦਿਆਂ ਭਰੋਸਾ ਦਿਵਾਇਆ ਗਿਆ ਕਿ ਕਣਕ ਦੀ ਲਿਫਟਿੰਗ ਜਲਦ ਕਰਵਾ ਦਿੱਤੀ ਜਾਵੇਗੀ | ਇਸ ਦੌਰਾਨ ਉੱਚ ਅਧਿਕਾਰੀਆਂ ਤੇ ਐਸ. ਡੀ. ਐਮ. ਟਾਂਡਾ ਨਾਲ ਵੀ ਮੀਟਿੰਗ ਕਰਵਾਈ ਗਈ | ਐਸ. ਡੀ. ਐਮ. ਟਾਂਡਾ ਵਲੋਂ ਕਿਸਾਨਾਂ ਨੂੰ ਭਰੋਸਾ ਦਿੱਤਾ ਗਿਆ ਕਿ ਦੋ-ਤਿੰਨ ਦਿਨਾਂ ਦੇ ਅੰਦਰ ਮੰਡੀ ਵਿਚ ਪਈ ਕਣਕ ਦੀ ਲਿਫਟਿੰਗ ਸ਼ੁਰੂ ਕਰਵਾ ਦਿੱਤੀ ਜਾਵੇਗੀ | ਇਸ ਭਰੋਸੇ ਤੋਂ ਬਾਅਦ ਕਿਸਾਨਾਂ ਨੇ ਰਾਹਤ ਮਹਿਸੂਸ ਕਰਦਿਆਂ ਆਪਣਾ ਧਰਨਾ ਸਮਾਪਤ ਕਰ ਦਿੱਤਾ | ਇਸ ਮੌਕੇ ਕੁਲਜੀਤ ਸਿੰਘ ਬਿੱਟੂ, ਲਖਵੀਰ ਸਿੰਘ ਜਲਾਲਪੁਰ, ਜਰਨੈਲ ਸਿੰਘ, ਸੁਖਵਿੰਦਰ ਸਿੰਘ, ਅਮਰੀਕ ਸਿੰਘ, ਮਨਜੀਤ ਸਿੰਘ, ਅਮਰੀਕ ਸਿੰਘ, ਹਰਬੰਸ ਸਿੰਘ, ਤਰਸੇਮ ਸਿੰਘ, ਮਸਤਾਨ ਸਿੰਘ, ਜੋਗਾ ਸਿੰਘ, ਨਿਸ਼ਾਨ ਸਿੰਘ ਤੇ ਵੱਡੀ ਗਿਣਤੀ ਦੇ ਵਿਚ ਆਸ-ਪਾਸ ਦੇ ਪਿੰਡਾਂ ਦੇ ਲੋਕ ਹਾਜ਼ਰ ਸਨ |