ਅੱਡਾ ਸਰਾਂ , 26 ਮਈ (ਮਸੀਤੀ)-ਵਿਕਟੋਰੀਆ ਇੰਟਰਨੈਸ਼ਨਲ ਸਕੂਲ, ਵਿਚ ਆਯੋਜਿਤ ਭਾਰਤੀ ਭਾਸ਼ਾ ਸਮਰ ਕੈਂਪ ਤਹਿਤ ਵਿਦਿਆਰਥੀਆਂ ਨੂੰ ਡੋਗਰੀ ਭਾਸ਼ਾ ਅਤੇ ਇਸ ਦੀ ਅਮੀਰ ਸਭਿਆਚਾਰਕ ਵਿਰਾਸਤ ਨਾਲ ਜਾਣੂ ਕਰਵਾਇਆ ਗਿਆ | ਇਸ ਗਤੀਵਿਧੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਭਾਰਤ ਦੀਆਂ ਵਿਭਿੰਨ ਭਾਸ਼ਾਵਾਂ ਪ੍ਰਤੀ ਜਾਗਰੂਕ ਕਰਨਾ ਅਤੇ ਉਨ੍ਹਾਂ ਵਿਚ ਭਾਸ਼ਾਈ ਸਨਮਾਨ ਅਤੇ ਸਭਿਆਚਾਰਕ ਜੁੜਾਅ ਦੀ ਭਾਵਨਾ ਵਿਕਸਿਤ ਕਰਨਾ ਸੀ | ਇਹ ਪ੍ਰੋਗਰਾਮ ਸਕੂਲ ਦੇ ਡਾਇਰੈਕਟਰ ਪ੍ਰੋ. ਜੀ. ਐੱਸ . ਮੁਲਤਾਨੀ, ਨੀਰੂ ਮੁਲਤਾਨੀ ਅਤੇ ਪਿ੍ੰਸੀਪਲ ਮਿਸ ਪੂਜਾ ਪਟਿਆਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸੰਪੰਨ ਹੋਇਆ | ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਡੋਗਰੀ ਭਾਸ਼ਾ ਦੇ ਆਮ ਸ਼ਬਦ, ਅਭਿਵਾਦਨ ਸ਼ੈਲੀ ਅਤੇ ਰੋਜ਼ਾਨਾ ਜੀਵਨ ਵਿਚ ਵਰਤੇ ਜਾਣ ਵਾਲੇ ਸਧਾਰਣ ਵਾਕਾਂ ਦਾ ਅਭਿਆਸ ਕਰਵਾਇਆ ਗਿਆ | ਵਿਦਿਆਰਥੀਆਂ ਨੇ ਭਾਸ਼ਾ-ਆਧਾਰਿਤ ਖੇਡਾਂ, ਸਮੂਹ ਗਤੀਵਿਧੀਆਂ, ਸੰਵਾਦ ਅਭਿਆਸ ਅਤੇ ਪੇਸ਼ਕਾਰੀਆਂ ਗਤੀਵਿਧੀਆਂ ਵਿਚ ਉਤਸ਼ਾਹ ਨਾਲ ਭਾਗ ਲਿਆ | ਸਕੂਲ ਪ੍ਰਸ਼ਾਸਨ ਨੇ ਦੱਸਿਆ ਕਿ ਭਾਰਤੀ ਭਾਸ਼ਾ ਸਮਰ ਕੈਂਪ ਰਾਹੀਂ ਵਿਦਿਆਰਥੀਆਂ ਨੂੰ ਭਾਰਤ ਦੀਆਂ ਵੱਖ-ਵੱਖ ਭਾਸ਼ਾਵਾਂ ਅਤੇ ਸੱਭਿਆਚਾਰਾਂ ਨਾਲ ਜੋੜਨ ਦਾ ਨਿਰੰਤਰ ਯਤਨ ਕੀਤਾ ਜਾ ਰਿਹਾ ਹੈ, ਤਾਂ ਜੋ ਉਨ੍ਹਾਂ ਵਿਚ ਰਾਸ਼ਟਰੀ ਏਕਤਾ, ਸਭਿਆਚਾਰਕ ਸਮਝ ਅਤੇ ਵਿਭਿੰਨਤਾ ਪ੍ਰਤੀ ਸਤਿਕਾਰ ਦੀ ਭਾਵਨਾ ਨੂੰ ਉਤਸ਼ਾਹ ਮਿਲੇ | ਇਸ ਮੌਕੇ ਸਕੂਲ ਦੀ ਕੋਆਰਡੀਨੇਟਰ ਵਨੀਤਾ ਬਲੌਰੀਆ, ਸੁਜਾਤਾ ਛਾਬੜਾ, ਅਮਨੀਤ ਸੈਣੀ ਅਤੇ ਅਮਨਪ੍ਰੀਤ ਕੌਰ ਸਮੇਤ ਸਮੂਹ ਸਟਾਫ਼ ਹਾਜ਼ਰ ਸਨ |