ਤਲਵਾੜਾ, 13 ਜੂਨ (ਐੱਚ. ਐੱਸ. ਮਿੱਠੂ)-ਭਾਖੜਾ ਬਿਆਸ ਪ੍ਰਬੰਧ ਬੋਰਡ ਤਲਵਾੜਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਾਰਿਸ਼ਾਂ ਤੋਂ ਪਹਿਲਾਂ ਵੱਖ-ਵੱਖ ਵਿਭਾਗਾਂ ਨਾਲ ਹੜ੍ਹ ਰੋਕੂ ਅਗੇਤੇ ਪ੍ਰਬੰਧਾਂ ਸੰਬੰਧੀ ਤਾਲਮੇਲ ਬੈਠਕ ਕੀਤੀ ਗਈ | ਬੈਠਕ ਦੀ ਪ੍ਰਧਾਨਗੀ ਮੁੱਖ ਇੰਜੀਨੀਅਰ ਰਾਕੇਸ਼ ਕੁਮਾਰ ਗੁਪਤਾ ਨੇ ਕੀਤੀ | ਬੈਠਕ 'ਚ ਪੌਂਗ ਡੈਮ ਤੋਂ ਹੇਠਾਂ ਬਿਆਸ ਦੇ ਨਾਲ ਲੱਗਦੇ ਪਿੰਡਾਂ ਦੇ ਸਰਪੰਚਾਂ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਤੇ ਪੰਜਾਬ ਦੇ ਅਧਿਕਾਰੀਆਂ ਨੇ ਵੀ ਸ਼ਿਰਕਤ ਕੀਤੀ | ਬੈਠਕ ਦੌਰਾਨ ਮੁੱਖ ਇੰਜੀਨੀਅਰ ਰਾਕੇਸ਼ ਗੁਪਤਾ ਨੇ ਦੱਸਿਆ ਕਿ ਬੀ. ਬੀ. ਐਮ. ਬੀ. ਵਲੋਂ ਇਸ ਵਾਰ 6 ਥਾਵਾਂ 'ਤੇ ਅਗੇਤੀ ਚਿਤਾਵਨੀ ਸਿਸਟਮ ਲਗਾਏ ਗਏ ਹਨ ਜਦ ਕਿ 5 ਥਾਵਾਂ 'ਤੇ ਪਬਲਿਕ ਐਡਰੈੱਸ ਸਿਸਟਮ ਲੱਗੇ ਹਨ ਅਤੇ ਇਸ ਤੋਂ ਇਲਾਵਾ ਮੋਬਾਈਲ ਵੈਨ ਰਾਹੀਂ ਵੀ ਜਦੋਂ ਕਦੇ ਵੀ ਪਾਣੀ ਛੱਡਿਆ ਜਾਂਦਾ ਹੈ ਤਾਂ ਇਸ ਦੀ ਸੂਚਨਾ ਨਦੀ ਕਿਨਾਰੇ ਦੇ ਲੋਕਾਂ ਨੂੰ ਦਿੱਤੀ ਜਾਂਦੀ ਹੈ | ਇਸ ਤੋਂ ਇਲਾਵਾ ਅਜਿਹੀ ਹਰੇਕ ਸੂਚਨਾ 24 ਘੰਟੇ ਪਹਿਲਾਂ ਸੰਬੰਧਿਤ ਰਾਜਾਂ ਦੇ ਸਿਵਲ ਤੇ ਪੁਲਿਸ ਅਧਿਕਾਰੀਆਂ ਸਮੇਤ ਸਬੰਧਿਤ ਵਿਭਾਗਾਂ ਨੂੰ ਵੀ ਦਿੱਤੀ ਜਾਂਦੀ ਹੈ | ਉਨ੍ਹਾਂ ਨੇ ਕਿਹਾ ਕਿ ਬੀ. ਬੀ. ਐਮ. ਬੀ. ਵਲੋਂ ਸਾਰੀਆਂ ਸਬੰਧਿਤ ਧਿਰਾਂ ਨਾਲ ਤਾਲਮੇਲ ਰੱਖਿਆ ਜਾਂਦਾ ਹੈ | ਉਨ੍ਹਾਂ ਨੇ ਇਸ ਮੌਕੇ ਕਿਹਾ ਕਿ ਇਸ ਸੰਬੰਧੀ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਰਹਿਣਾ ਚਾਹੀਦਾ ਹੈ ਤੇ ਜਦੋਂ ਚਿਤਾਵਨੀ ਹੋਵੇ ਤਾਂ ਨਦੀ ਦੇ ਨੇੜੇ ਨਹੀਂ ਆਉਣਾ ਚਾਹੀਦਾ ਹੈ | ਉਨ੍ਹਾਂ ਨੇ ਕਿਹਾ ਕਿ ਇਸ ਵਾਰ ਲਗਾਏ ਗਏ ਅਰਲੀ ਵਾਰਨਿੰਗ ਸਿਸਟਮ ਬਹੁਤ ਸਹਾਈ ਹੋਣਗੇ ਕਿਉਂਕਿ ਇਨ੍ਹਾਂ ਰਾਹੀਂ ਤੁਰੰਤ ਸੂਚਨਾ ਦਾ ਪ੍ਰਵਾਹ ਹੋ ਜਾਂਦਾ ਹੈ | ਉਨ੍ਹਾਂ ਨੇ ਕਿਹਾ ਲੋਕ ਕਿਸੇ ਵੀ ਘਬਰਾਹਟ ਵਿਚ ਨਾ ਆਉਣ ਅਤੇ ਇਹ ਮੀਟਿੰਗ ਸਿਰਫ਼ ਅਗੇਤੇ ਪ੍ਰਬੰਧਾਂ ਅਤੇ ਆਪਸੀ ਤਾਲਮੇਲ ਲਈ ਹੈ | ਬੈਠਕ ਵਿਚ ਡਿਪਟੀ ਮੁੱਖ ਇੰਜੀਨੀਅਰ ਵਿਮਲ ਕੁਮਾਰ ਮੀਨਾ, ਨਿਗਰਾਨ ਇੰਜੀਨੀਅਰ ਮਨਵੀਨ ਚੌਧਰੀ, ਡੀ.ਐਸ.ਪੀ. ਸੰਜੀਵ ਕੁਮਾਰ, ਕਾਰਜਕਾਰੀ ਇੰਜੀਨੀਅਰ ਵਿਨੈ ਕੁਮਾਰ, ਅਰਵਿੰਦਰਪਾਲ ਸਿੰਘ ਉਭੀ, ਗੌਰਵ ਲਾਂਬਾ, ਰਬਿੰਦਰ ਸਿੰਘ, ਨਾਇਬ ਤਹਿਸੀਲਦਾਰ ਫ਼ਤਿਹਪੁਰ ਅਜੈ ਸ਼ਰਮਾ, ਐਸ. ਡੀ. ਓ. ਪਵਨ ਕੁਮਾਰ, ਪਰਮਿੰਦਰ ਸਿੰਘ ਆਦਿ ਵੀ ਹਾਜ਼ਰ ਸਨ |