ਚੰਡੀਗੜ੍ਹ, 13 ਜੂਨ (ਅਜੀਤ ਬਿਊਰੋ) - ਇੰਡੀਅਨ ਜਰਨਲਿਸਟ ਯੂਨੀਅਨ ਨੇ ਦਿੱਲੀ ਹਾਈ ਕੋਰਟ ਵਲੋਂ ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ (ਈ.ਓ.ਡਬਲਊ) ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਵਲੋਂ ਨਿਊਜ ਕਲਿਕ ਪੋਰਟਲ ਅਤੇ ਇਸਦੇ ਸੰਪਾਦਕ, ਪ੍ਰਬੀਰ ਪੁਰਕਾਇਸਥ ਵਿਰੁੱਧ ਦਰਜ ਕੀਤੀ ਗਈ ਐਫ.ਆਈ.ਆਰ ਨੂੰ ਰੱਦ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ ਹੈ | ਇੰਡਅਨ ਜਰਨਲਿਸਟ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਸਿੰਘ ਜੰਮੂ, ਸਕੱਤਰ ਜਨਰਲ ਡੀ. ਸੋਮਾ ਸੁੰਦਰ, ਅਤੇ ਸਕੱਤਰ ਵਾਈ. ਨਰਿੰਦਰ ਰੈਡੀ ਨੇ ਕਿਹਾ ਕਿ ਇਹ ਫੈਸਲਾ ਦੇਸ਼ ਵਿੱਚ ਮੀਡੀਆ ਦੀ ਆਜ਼ਾਦੀ ਦੀ ਵਕਾਲਤ ਕਰਨ ਵਾਲੇ ਹਰ ਵਿਅਕਤੀ ਲਈ ਨੈਤਿਕ ਜਿੱਤ ਹੈ | ਉਨ੍ਹਾਂ ਕਿਹਾ ਕਿ ਇਹ ਸੁਤੰਤਰ ਆਵਾਜ਼ ਅਤੇ ਆਲੋਚਨਾਤਮਕ ਪੱਤਰਕਾਰੀ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀਆਂ ਸਰਕਾਰਾਂ ਨੂੰ ਫੈਸਲੇ ਉਪਰੰਤ ਸੋਚਣ ਦੀ ਲੋੜ ਹੈ | ਇੰਡੀਅਨ ਜਰਨਲਿਸਟ ਯੂਨੀਅਨ ਨੇ ਯਾਦ ਕੀਤਾ ਕਿ ਇਕ ਸਮੇਂ ਜਦੋਂ ਅਖੌਤੀ ਮੁੱਖ ਧਾਰਾ ਮੀਡੀਆ ਸੰਗਠਨ ਕਾਰਪੋਰੇਟ ਹਿੱਤਾਂ ਅਤੇ ਰਾਜਨੀਤਿਕ ਪ੍ਰਚਾਰ ਦੀ ਸੇਵਾ ਕਰ ਰਹੇ ਹਨ, ਨਿਊ ਕਲਿੱਕ ਨੇ ਜਨਤਾ ਦੀ ਆਵਾਜ਼ ਨੂੰ ਜ਼ੋਰਦਾਰ ਢੰਗ ਨਾਲ ਵਧਾਉਣ ਦੀ ਕੋਸ਼ਿਸ਼ ਕੀਤੀ | ਪੋਰਟਲ ਨੇ ਨਵੀਂ ਦਿੱਲੀ ਵਿਚ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ 'ਤੇ ਲਗਾਤਾਰ ਰਿਪੋਰਟਿੰਗ ਕੀਤੀ ਅਤੇ ਸੱਤਾ ਵਿਚ ਬੈਠੇ ਲੋਕਾਂ 'ਤੇ ਸਵਾਲ ਉਠਾਏ | ਨਤੀਜੇ ਵਜੋਂ, ਸੱਤਾਧਾਰੀ ਨਿਜ਼ਾਮ ਨੇ ਨਿਊ ਕਲਿਕ ਦੀ ਆਵਾਜ਼ ਨੂੰ ਦਬਾਉਣ ਲਈ ਝੂਠੇ ਦੋਸ਼ਾਂ ਦੇ ਆਧਾਰ 'ਤੇ ਕੇਸ ਦਰਜ ਕੀਤੇ |