ਚੱਬੇਵਾਲ, 14 ਜੂਨ (ਰਾਜੀਵ ਭਾਰਦਵਾਜ)-ਦੋ ਗਜ਼ ਨਿੱਜੀ ਜ਼ਮੀਨ ਲਈ ਲੋਕ ਲੜਾਈ ਝਗੜੇ ਲਈ ਤਿਆਰ ਹੋ ਜਾਂਦੇ ਹਨ | ਜ਼ਮੀਨ ਲਈ ਲੋਕਾਂ ਦੀ ਜਾਨ ਤੱਕ ਚਲੀ ਜਾਂਦੀ ਹੈ ਪਰ ਜ਼ਮੀਨ ਜੇਕਰ ਸਰਕਾਰੀ, ਸ਼ਾਮਲਾਟ ਜਾਂ ਸਾਂਝੀ ਹੋਵੇ ਤਾਂ ਕੋਈ ਪ੍ਰਵਾਹ ਨਹੀਂ ਕਰਦਾ | ਚੱਬੇਵਾਲ ਮੁੱਖ ਮਾਰਗ ਤੇ ਬੱਸ ਅੱਡੇ ਕੋਲ ਪਿਛਲੇ ਕਈ ਸਾਲਾਂ ਤੋਂ ਪ੍ਰਵਾਸੀ ਮਜ਼ਦੂਰਾਂ ਨੇ ਆਪਣੀਆਂ ਝੁੱਗੀਆਂ ਬਣਾ ਕੇ ਕਬਜ਼ਾ ਕੀਤਾ ਹੋਇਆ ਹੈ | ਇਹ ਝੁੱਗੀਆਂ ਚੰਡੀਗੜ-ਹੁਸ਼ਿਆਰਪੁਰ ਮੁੱਖ ਮਾਰਗ 'ਤੇ ਹੁਸ਼ਿਆਰਪੁਰ ਵਲੋਂ ਕਸਬਾ ਚੱਬੇਵਾਲ ਵਿਚ ਦਾਖਲ ਹੁੰਦਿਆਂ ਹੀ ਦਿਖਾਈ ਦਿੰਦੀਆਂ ਹਨ | ਇਸ ਕਰੋੜਾਂ ਦੀ ਜ਼ਮੀਨ 'ਤੇ ਪ੍ਰਵਾਸੀ ਮਜ਼ਦੂਰਾਂ ਨੇ ਇਕ ਅਲੱਗ ਹੀ ਪਿੰਡ ਵਸਾਇਆ ਹੋਇਆ ਹੈ | ਇਸ ਵਿਚ ਛੋਟੀਆਂ ਛੋਟੀਆਂ ਦੁਕਾਨਾਂ ਤੱਕ ਚਲਾਈਆਂ ਜਾ ਰਹੀਆਂ ਹਨ | ਇਸ ਕੀਮਤੀ ਜ਼ਮੀਨ ਤੋਂ ਕਬਜ਼ਾ ਹਟਾਉਣ ਲਈ ਪ੍ਰਸ਼ਾਸਨ ਵੀ ਢਿੱਲ ਵਰਤ ਰਿਹਾ ਹੈ | ਚੱਬੇਵਾਲ ਨਿਵਾਸੀ ਦਿਲਬਾਗ ਸਿੰਘ ਪੰਚ, ਗੁਰਜੀਤ ਸਿੰਘ ਪ੍ਰਧਾਨ, ਸਰਬਜੀਤ ਸਿੰਘ ਝੂਟੀ, ਪਰਮਜੀਤ ਸਿੰਘ ਝੂਟੀ, ਅਮਨਦੀਪ ਸਿੰਘ ਅਮਨਾ ਆਦਿ ਨੇ ਦੱਸਿਆ ਕਿ ਇਹ ਝੁੱਗੀਆਂ ਪਿਛਲੇ ਕਈ ਸਾਲਾਂ ਤੋਂ ਹਨ, ਉਨ੍ਹਾਂ ਕਿਹਾ ਕਿ ਇਨ੍ਹਾਂ ਝੁੱਗੀਆਂ ਵਿਚ ਰਹਿਣ ਵਾਲੇ ਮਜ਼ਦੂਰ ਕਸਬਾ ਚੱਬੇਵਾਲ ਤੇ ਆਲੇ-ਦੁਆਲੇ ਦੇ ਹੋਰ ਪਿੰਡਾਂ ਦੇ ਕਿਸਾਨਾਂ ਲਈ ਖੇਤਾਂ ਵਿਚ ਮਜ਼ਦੂਰੀ ਕਰਦੇ ਸਨ ਤੇ ਕਿਸਾਨਾਂ ਨੂੰ ਵੀ ਮਜ਼ਦੂਰ ਆਸਾਨੀ ਨਾਲ ਮਿਲ ਜਾਂਦੇ ਸਨ ਪਰ ਹੁਣ ਪਿਛਲੇ ਦੋ-ਤਿੰਨ ਸਾਲਾਂ ਤੋਂ ਇਹ ਮਜ਼ਦੂਰ ਰਹਿੰਦੇ ਤਾਂ ਇਨ੍ਹਾਂ ਝੁੱਗੀਆਂ ਵਿਚ ਹਨ ਪਰ ਕੰਮ-ਕਾਰ ਜਾਂ ਤਾਂ ਆਪਣਾ ਹੀ ਕਰਦੇ ਹਨ ਅਤੇ ਜਾਂ ਦੂਰ ਦੁਰਾਡੇ ਜਾ ਕੇ ਕੰਮ ਕਰਦੇ ਹਨ | ਉਨ੍ਹਾਂ ਕਿਹਾ ਕਿ ਹੁਣ ਇਲਾਕੇ ਦੀ ਕਿਸਾਨੀ ਨੂੰ ਇਨ੍ਹਾਂ ਮਜ਼ਦੂਰਾਂ ਦਾ ਬਹੁਤਾ ਫ਼ਾਇਦਾ ਨਹੀਂ ਹੈ ਤੇ ਜਲਦ ਹੀ ਕਸਬਾ ਵਾਸੀਆਂ ਨਾਲ ਸਲਾਹ ਕਰਕੇ ਇਨ੍ਹਾਂ ਝੁੱਗੀਆਂ ਦਾ ਕਬਜ਼ਾ ਇੱਥੋਂ ਹਟਾ ਦਿੱਤਾ ਜਾਵੇਗਾ |