ਹੁਸ਼ਿਆਰਪੁਰ, 15 ਜੂਨ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਵਿਸ਼ਵ ਖੂਨਦਾਤਾ ਦਿਵਸ ਮੌਕੇ ਸਿਹਤ ਵਿਭਾਗ ਹੁਸ਼ਿਆਰਪੁਰ ਵਲੋਂ ਸਿਵਲ ਸਰਜਨ ਡਾ. ਮਨਦੀਪ ਕਮਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਬਲੱਡ ਸੈਂਟਰ ਦੀ ਟੀਮ ਵਲੋਂ ਬੀ. ਟੀ. ਓ. ਡਾ. ਗੁਰਿਕਾ ਦੀ ਅਗਵਾਈ 'ਚ ਰੈੱਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਸਹਾਇਕ ਸਿਖਲਾਈ ਕੇਂਦਰ ਬੀ. ਐਸ. ਐਫ. ਖੜਕਾਂ ਕੈਂਪ ਵਿਖੇ ਸਵੈ-ਇੱਛੁਕ ਖ਼ੂਨਦਾਨ ਕੈਂਪ ਦਾ ਸਫਲਤਾਪੂਰਵਕ ਆਯੋਜਨ ਬੀਤੇ ਦਿਨ ਕੀਤਾ | ਕੈਂਪ ਦੌਰਾਨ ਬੀ. ਐਸ. ਐਫ. ਦੇ ਜਵਾਨਾਂ ਤੇ ਹੋਰ ਖੂਨਦਾਤਾਵਾਂ ਨੇ ਉਤਸ਼ਾਹ ਨਾਲ ਖ਼ੂਨਦਾਨ ਕਰਦਿਆਂ ਮਨੁੱਖਤਾ ਪ੍ਰਤੀ ਆਪਣੀ ਸੇਵਾ ਭਾਵਨਾ ਦਾ ਪ੍ਰਗਟਾਵਾ ਕੀਤਾ ਅਤੇ ਕੁੱਲ 30 ਯੂਨਿਟ ਖੂਨ ਇਕੱਠਾ ਕੀਤਾ | ਇਸ ਸੰਬੰਧੀ ਸਿਵਲ ਸਰਜਨ ਡਾ. ਮਨਦੀਪ ਕਮਲ ਨੇ ਕਿਹਾ ਕਿ ਵਿਸ਼ਵ ਖੂਨ ਦਾਤਾ ਦਿਵਸ ਨਿਸ਼ਕਾਮ ਖੂਨਦਾਤਾਵਾਂ ਦੇ ਅਮੁੱਲ ਯੋਗਦਾਨ ਨੂੰ ਸਨਮਾਨ ਦੇਣ ਦਾ ਦਿਨ ਹੈ | ਉਨ੍ਹਾਂ ਕਿਹਾ ਕਿ ਖੂਨ ਦਾ ਕੋਈ ਬਦਲ ਨਹੀਂ ਹੈ ਤੇ ਸਿਰਫ਼ ਸਵੈ-ਇੱਛੁਕ ਖ਼ੂਨਦਾਨ ਰਾਹੀਂ ਹੀ ਹਸਪਤਾਲਾਂ ਵਿਚ ਲੋੜਵੰਦ ਮਰੀਜ਼ਾਂ ਲਈ ਸੁਰੱਖਿਅਤ ਖੂਨ ਦੀ ਉਪਲਬਧਤਾ ਯਕੀਨੀ ਬਣਾਈ ਜਾ ਸਕਦੀ ਹੈ | ਕੈਂਪ ਨੂੰ ਸਫਲਤਾਪੂਰਵਕ ਨੇਪਰੇ ਚੜ੍ਹਾਉਣ 'ਚ ਡਾ. ਗੁਰਿਕਾ (ਬਲੱਡ ਟਰਾਂਸਫਿਊਜ਼ਨ ਅਫ਼ਸਰ), ਸੰਦੀਪ ਸਿੰਘ ਐਮ. ਐਲ. ਟੀ., ਦਿਲਾਵਰ ਸਿੰਘ ਐਮ. ਐਲ. ਟੀ., ਕਮਲਪ੍ਰੀਤ ਕੌਰ ਕਾਊਾਸਲਰ ਅਤੇ ਰਾਜਿੰਦਰ ਸਿੰਘ ਨੇ ਅਹਿਮ ਭੂਮਿਕਾ ਨਿਭਾਈ | ਸਿਹਤ ਵਿਭਾਗ ਵਲੋਂ ਰੈੱਡ ਕਰਾਸ ਸੁਸਾਇਟੀ ਤੇ ਬੀ. ਐਸ. ਐਫ. ਖੜਕਾ ਦੇ ਸਮੂਹ ਅਧਿਕਾਰੀਆਂ ਅਤੇ ਜਵਾਨਾਂ ਦਾ ਕੈਂਪ ਦੇ ਸਫਲ ਆਯੋਜਨ ਅਤੇ ਖ਼ੂਨਦਾਨ ਮੁਹਿੰਮ ਵਿਚ ਦਿੱਤੇ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਕੀਤਾ |