ਹੁਸ਼ਿਆਰਪੁਰ, 15 ਜੂਨ (ਬਲਜਿੰਦਰਪਾਲ ਸਿੰਘ)-ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਲਲਿਤਾ ਅਰੋੜਾ ਤੇ ਰਿਟਾ. ਤਜਿੰਦਰ ਅਰੋੜਾ ਨੇ ਰੋਟਰੀ ਆਈ ਬੈਂਕ ਅਤੇ ਕਾਰਨੀਆ ਟਰਾਂਸਪਲਾਂਟੇਸ਼ਨ ਸੁਸਾਇਟੀ ਹੁਸ਼ਿਆਰਪੁਰ ਦੀ ਮੈਂਬਰਸ਼ਿਪ ਗ੍ਰਹਿਣ ਕੀਤੀ | ਇਸ ਮੌਕੇ ਉਨ੍ਹਾਂ ਦੱਸਿਆ ਕਿ ਉਹ ਕਾਫ਼ੀ ਦੇਰ ਤੋਂ ਇਸ ਸੁਸਾਇਟੀ ਨਾਲ ਜੁੜਨਾ ਚਾਹੁੰਦੇ ਸਨ ਕਿਉਂਕਿ ਉਹ ਇਸ ਸੁਸਾਇਟੀ ਦੀ ਕਾਰਜ ਪ੍ਰਣਾਲੀ ਤੇ ਕਾਰਜ ਸ਼ੈਲੀ ਤੋਂ ਬਹੁਤ ਪ੍ਰਭਾਵਿਤ ਹਨ | ਸੁਸਾਇਟੀ ਦੇ ਪ੍ਰਧਾਨ ਜੇ. ਬੀ. ਬਹਿਲ ਨੇ ਅਰੋੜਾ ਪਤੀ ਪਤਨੀ ਨੂੰ ਸੁਸਾਇਟੀ ਦੁਆਰਾ ਹੁਣ ਤੱਕ ਕੀਤੇ ਗਏ ਕਾਰਜਾਂ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੁਸਾਇਟੀ ਹੁਣ ਤੱਕ 4168 ਮੁਫ਼ਤ ਕਾਰਨੀਆ ਟਰਾਂਸਪਲਾਂਟ ਕਰਵਾ ਚੁੱਕੀ ਹੈ | ਇਸ ਤੋਂ ਇਲਾਵਾ ਸੁਸਾਇਟੀ 30 ਮਿ੍ਤਕ ਸਰੀਰ ਵੱਖ-ਵੱਖ ਮੈਡੀਕਲ ਕਾਲਜਾਂ ਨੂੰ ਭੇਜ ਚੁੱਕੀ ਹੈ ਅਤੇ ਕਰੀਬ 1600 ਸਕੂਲ ਵਿਦਿਆਰਥੀਆਂ ਦੀਆਂ ਅੱਖਾਂ ਦੀ ਜਾਂਚ ਕਰਵਾ ਚੁੱਕੀ ਹੈ | ਇਸ ਮੌਕੇ ਅਰੋੜਾ ਪਤੀ-ਪਤਨੀ ਨੇ ਸੁਸਾਇਟੀ ਨੂੰ ਆਪਣੀ ਸਮਰੱਥਾ ਅਨੁਸਾਰ ਵਿੱਤੀ ਸਹਾਇਤਾ ਦੇਣ ਦਾ ਭਰੋਸਾ ਵੀ ਦਿੱਤਾ | ਸੁਸਾਇਟੀ ਦੇ ਸੰਸਥਾਪਕ ਡਾ. ਐਮ. ਜਮੀਲ ਬਾਲੀ ਨੇ ਸਾਰੇ ਮੈਂਬਰਾਂ ਨੂੰ ਅੱਖਾਂ ਦਾਨ ਦੇ ਮਹੱਤਵ ਤੇ ਪ੍ਰਕਿਰਿਆ ਦੇ ਬਾਰੇ ਵਿਸਥਾਰ ਨਾਲ ਦੱਸਿਆ | ਇਸ ਮੌਕੇ ਪ੍ਰੋ. ਦਲਜੀਤ ਸਿੰਘ, ਪਿ੍ੰ. ਡੀ. ਕੇ. ਸ਼ਰਮਾ, ਵੀਨਾ ਚੋਪੜਾ, ਪ੍ਰੋ. ਰਾਜੀਵ ਸ਼ਰਮਾ, ਜਸਬੀਰ ਕੰਵਰ, ਅਸ਼ਵਨੀ ਕੁਮਾਰ ਦੱਤਾ, ਕਿ੍ਸ਼ਨ ਕਿਸ਼ੋਰ ਅਤੇ ਸੁਸਾਇਟੀ ਦੀ ਕੋਰ ਕਮੇਟੀ ਦੇ ਮੈਂਬਰ ਹਾਜ਼ਰ ਸਨ |