ਕੋਟਫ਼ਤੂਹੀ, 15 ਜੂਨ (ਅਵਤਾਰ ਸਿੰਘ ਅਟਵਾਲ)-ਪਿਛਲੇ ਕੁੱਝ ਦਿਨਾਂ ਤੋ ਕੋਟਫ਼ਤੂਹੀ ਤੋ ਨਜ਼ਦੀਕੀ ਪਿੰਡ ਭਗਤੂਪੁਰ ਵਿਚ ਸਥਾਨਕ 'ਆਪ' ਆਗੂਆਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵਲੋਂ ਲੋਕ ਮਿਲਣੀ ਪ੍ਰੋਗਰਾਮ ਕਰਨ ਲਈ ਚੁਣਿਆ ਸੀ, ਪਿਛਲੇ ਤਿੰਨ ਕੁ ਦਿਨਾਂ ਤੋ ਪਿੰਡ ਵਾਸੀਆਂ ਤੇ ਇਲਾਕਾ ਵਾਸੀਆਂ ਵਿਚ ਭਾਰੀ ਖ਼ੁਸ਼ੀ ਸੀ, ਕਿ ਪਹਿਲੀ ਵਾਰ ਇਸ ਇਲਾਕੇ ਵਿਚ ਮੁੱਖ ਮੰਤਰੀ ਆਉਣਗੇ ਤੇ ਲੋਕਾਂ ਦੀਆ ਸਮੱਸਿਆਵਾਂ ਸੁਣਨ ਦੇ ਨਾਲ ਇਲਾਕੇ ਲਈ ਕੁੱਝ ਵੱਡਾ ਪੈਕੇਜ ਐਲਾਨ ਕਰਕੇ ਜਾਣਗੇ | ਇਸ ਸੰਬੰਧ ਵਿਚ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਆਗੂਆਂ ਨੇ ਇਸ ਪਿੰਡ ਵਿਚ ਮੀਟਿੰਗਾਂ ਕੀਤੀਆ ਤੇ ਪਿਛਲੇ ਦਿਨਾ ਤੋਂ ਪੁਲਿਸ ਪ੍ਰਸ਼ਾਸਨ ਤੇ ਹੋਰ ਵੱਖ-ਵੱਖ ਮਹਿਕਮਿਆਂ ਦੇ ਉੱਚ ਅਧਿਕਾਰੀਆਂ ਨੇ ਪਿੰਡ ਵਿਚ ਡੇਰੇ ਲਾ ਕੇ ਪ੍ਰੋਗਰਾਮ ਵਾਲੇ ਸਥਾਨ ਦੀ ਸਫ਼ਾਈ ਕਰਵਾਉਣ ਦੇ ਨਾਲ ਪ੍ਰੋਗਰਾਮ ਲਈ ਤਿਆਰੀਆਂ ਆਰੰਭ ਕੀਤੀਆ ਹੋਈਆ ਸਨ | ਅਧਿਕਾਰੀ ਮੁੱਖ ਮੰਤਰੀ ਦੀ ਸਕਿਉਰਿਟੀ ਲਈ ਵੱਖ-ਵੱਖ ਐਂਗਲਾ ਤੋਂ ਘੋਖ ਕਰ ਰਹੇ ਸਨ, ਪਰ ਬੀਤੀ ਦੇਰ ਸ਼ਾਮ ਪਿੰਡ ਵਿਚ ਚੱਲ ਰਹੇ ਕੰਮ ਨੂੰ ਇਸ ਕਰ ਕੇ ਰੋਕਣਾ ਪਿਆ ਕਿ ਮੁੱਖ ਮੰਤਰੀ ਸਾਹਿਬ ਦੇ ਸੁਰੱਖਿਆ ਅਮਲੇ ਵਲੋਂ ਸਕਿਉਰਿਟੀ ਨੂੰ ਮੁੱਖ ਰੱਖਦੇ ਹੋਏ ਇਸ ਪਿੰਡ ਵਿਚ ਲੋਕ ਮਿਲਣੀ ਪ੍ਰੋਗਰਾਮ ਕਰਨ ਤੋਂ ਮਨਾ ਕਰ ਕੇ ਚੱਬੇਵਾਲ ਨਜ਼ਦੀਕ ਪਿੰਡ ਬਿਹਾਲਾ ਵਿਖੇ 16 ਜੂਨ ਨੂੰ ਸ਼ਾਮ 4 ਵਜੇ ਰੱਖਿਆ ਗਿਆ ਹੈ |