ਐਮਾਂ ਮਾਂਗਟ, 26 ਜੂਨ (ਗੁਰਾਇਆ)-‘ਕੌਮਾਂਤਰੀ ਨਸ਼ਾ ਵਿਰੋਧੀ ਦਿਵਸ’ ਤੇ ਕਸਬਾ ਐਮਾਂ ਮਾਂਗਟ ਵਿਖੇ ਐਸ. ਐਸ. ਪੀ. ਡਾ. ਸੰਦੀਪ ਕੁਮਾਰ ਮਲਿਕ ਤੇ ਡੀ. ਐਸ. ਪੀ. ਮੁਕੇਰੀਆਂ ਨਛੱਤਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮੁਕੇਰੀਆਂ ਪੁਲਿਸ ਸਟੇਸ਼ਨ ਦੇ ਮੁੱਖੀ ਐਸ. ਆਈ. ਪ੍ਰਿੰਸਪਾਲ ਸਿੰਘ ਦੀ ਅਗਵਾਈ ਵਿਚ ਇਕ ਜਾਗਰੂਕਤਾ ਵਰਕਸ਼ਾਪ ਲਗਾਈ ਗਈ। ਵਰਕਸ਼ਾਪ ਦਾ ਉਦੇਸ਼ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣਾ ਅਤੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਪ੍ਰੇਰਿਤ ਕਰਨਾ ਸੀ। ਇਸ ਅਵਸਰ ’ਤੇ ਉਨ੍ਹਾਂ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਨਸ਼ਾ ‘ਨਾਸ਼’ (ਬਰਬਾਦੀ) ਦਾ ਦੂਜਾ ਨਾਂਅ ਹੈ, ਇਸ ਲਈ ਇਹ ਇਕੱਲੇ ਭਾਰਤ ਦੀ ਹੀ ਨਹੀਂ ਬਲਕਿ ਵਿਸ਼ਵ ਦੀ ਵੱਡੀ ਸਮੱਸਿਆ ਬਣ ਗਿਆ ਹੈ। ਜਿਸ ਦੇ ਕਰਕੇ ਸੰਯੁਕਤ ਰਾਸ਼ਟਰ ਵਲੋਂ 1987 ’ਚ ਇਹ ਦਿਨ ‘ਨਸ਼ੀਲੇ ਪਦਾਰਥਾਂ ਦੀ ਵਰਤੋਂ ਅਤੇ ਗੈਰ ਕਾਨੂੰਨੀ ਤਸਕਰੀ ਵਿਰੁੱਧ ਕੌਮਾਂਤਰੀ ਦਿਵਸ’ ਵਜੋਂ ਮਨਾਇਆ ਜਾਣ ਲੱਗਾ। ਉਨ੍ਹਾਂ ਕਿਹਾ ਕਿ ਅੱਜ ਬਹੁਤ ਸਾਰੀਆਂ ਮੌਤਾਂ ਦਾ ਕਾਰਣ ਵਧੇਰੇ ਨਸ਼ਾ ਹੋਣ ਕਰਕੇ ਸਾਨੂੰ ਸਾਰਿਆਂ ਨੂੰ ਇਸ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ। ਉਨ੍ਹਾਂ ਸਾਰਿਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਕੋਈ ਪਿੰਡ ਵਿਚ ਨਸ਼ਾ ਕਰਦਾ ਜਾਂ ਵੇਚਦਾ ਹੈ ਜਾਂ ਕੋਈ ਗ਼ੈਰ ਕਾਨੂੰਨੀ ਗਤੀਵਿਧੀਆਂ ਵਿਚ ਲਿਪਤ ਦਿਖਾਈ ਦੇਵੇ ਤਾਂ ਉਸ ਦੀ ਤੁਰੰਤ ਥਾਣੇ ਸੂਚਨਾ ਦਿੱਤੀ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਇਸ ਅਗਰ ਕੋਈ ਗੈਰ ਕਾਨੂੰਨੀ ਕੰਮ ਕਰਦਾ ਫੜਿਆ ਜਾਵੇ ਤਾਂ ਉਸ ਨੇ ਮਾਰਨ-ਕੁੱਟਣ ਦੀ ਵਜਾਏ ਉਸ ਨੂੰ ਪੁਲਿਸ ਦੇ ਹਵਾਲੇ ਕੀਤਾ ਜਾਵੇ ਅਤੇ ਕਿਸੇ ਤਰ੍ਹਾਂ ਵੀ ਕਨੂੰਨ ਨੂੰ ਆਪਣੇ ਹੱਥ ਨਾ ਲਿਆ ਜਾਵੇ। ਇਸ ਮੌਕੇ ਪਿੰਡ ਦੇ ਸਰਪੰਚ ਜਗਮੋਹਨ ਲਾਲ ਭਾਟੀਆ ਤੇ ਹੋਰਾਂ ਵਲੋਂ ਉਨ੍ਹਾਂ ਦਾ ਪਿੰਡ ਵਿਚ ਆਪਣੇ ਸਾਥੀ ਮੁਲਾਜ਼ਮਾਂ ਨਾਲ ਪੁਹੰਚਣ ’ਤੇ ਸਵਾਗਤ ਕੀਤਾ। ਇਸ ਮੌਕੇ ਸਰਪੰਚ ਜਗਮੋਹਨ ਲਾਲ ਭਾਟੀਆ ਨੇ ਪੁਲਿਸ ਮੁਖੀ ਇੰਸਪੈਕਟਰ ਪ੍ਰਿੰਸਪਾਲ ਸਿੰਘ ਤੇ ਉਨ੍ਹਾਂ ਦੇ ਵਿਚਾਰ ਸੁਨਣ ਵੱਡੀ ਗਿਣਤੀ ਵਿਚ ਹਾਜ਼ਰ ਹੋਏ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਮੈਂਬਰ ਕਸ਼ਮੀਰ ਸਿੰਘ ਸੈਣੀ, ਮੈਂਬਰ ਰਾਜ ਕੁਮਾਰ, ਰਛਪਾਲ ਸਿੰਘ ਸੈਣੀ, ਬਲਵਿੰਦਰ ਸਿੰਘ, ਰਾਜਿੰਦਰ ਸਿੰਘ ਸੈਣੀ, ਭਾਈ ਕਸ਼ਮੀਰ ਸਿੰਘ, ਸੁਰਿੰਦਰ ਸਿੰਘ ਬੱਧਣ, ਬੂਟਾ ਰਾਮ, ਕਰਤਾਰ ਸਿੰਘ, ਵਿਕਰਮ ਸਿੰਘ, ਡਾਕਟਰ ਸੰਜੀਵ ਕੁਮਾਰ,ਲਖਵਿੰਦਰ ਸਿੰਘ, ਰਾਮਜੀ, ਗੁਰਬਚਨ ਸਿੰਘ, ਸੁਖਚੈਨ ਸਿੰਘ, ਸੁਖਦੇਵ ਸਿੰਘ, ਬਲਬੀਰ ਸਿੰਘ, ਸ਼ਮਸ਼ੇਰ ਸਿੰਘ ਸ਼ੇਰੀ, ਪਰਮਜੀਤ ਸਿੰਘ ਪੰਮੀ, ਸੰਦੀਪ ਪਠਾਣੀਆ, ਸੁਖਵਿੰਦਰ ਸਿੰਘ, ਮਨੀ ਤੋਂ ਇਲਾਵਾ ਪੁਲਿਸ਼ ਮੁਲਾਜ਼ਮ ਤੇ ਹੋਰ ਹਾਜ਼ਰ ਸਨ।