ਟਾਂਡਾ ਉੜਮੁੜ, 26 ਜੂਨ (ਕੁਲਬੀਰ ਸਿੰਘ ਗੁਰਾਇਆ)-ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਟਾਂਡਾ ਵਲੋਂ ਆਤਮਾ ਸਕੀਮ ਅਧੀਨ ਸਾਉਣੀ ਦੀਆਂ ਫ਼ਸਲਾਂ ਦੀ ਕਾਸ਼ਤ ਬਾਰੇ ਖੇਤੀਬਾੜੀ ਦਫ਼ਤਰ ਹਰਸੀ ਪਿੰਡ ਟਾਂਡਾ ਵਿਖੇ ਕਿਸਾਨ ਗੋਸ਼ਟੀ ਲਗਾਈ ਗਈ। ਇਸ ਕੈਂਪ ਦੌਰਾਨ ਵਿਧਾਇਕ ਜਸਵੀਰ ਰਾਜਾ ਵਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਵਲੋਂ ਕਰਾਪ ਰੈਜੀਡਿਊ ਮੈਨੇਜਮੈਂਟ ਸਕੀਮ ਅਧੀਨ ਬਲਾਕ ਟਾਂਡਾ ਦੇ 40 ਕਿਸਾਨਾਂ ਲਈ ਪਰਾਲੀ ਪ੍ਰਬੰਧਨ ਮਸ਼ੀਨਰੀ ਦੀ ਖ਼ਰੀਦ ਲਈ 61,94,300 ਰੁਪਏ ਦੀ ਸਬਸਿਡੀ ਦੇ ਸੈਕਸ਼ਨ ਲੈਟਰ ਜਾਰੀ ਕੀਤੇ ਗਏ। ਉਨ੍ਹਾਂ ਵਲੋਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕੇ ਸਬਸਿਡੀ ’ਤੇ ਦਿੱਤੀਆਂ ਜਾ ਰਹੀਆਂ ਵੱਖ-ਵੱਖ ਮਸ਼ੀਨਾਂ ਰਾਹੀਂ ਪਰਾਲੀ ਦਾ ਸੁਚੱਜਾ ਪ੍ਰਬੰਧਨ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਉਨ੍ਹਾਂ ਆਖਿਆ ਕਿ ਛੋਟੇ ਕਿਸਾਨਾਂ ਤੱਕ ਇਹ ਮਹਿੰਗੀਆਂ ਮਸ਼ੀਨਾਂ ਪਹੁੰਚਾਉਣ ਦੀ ਚੰਗੀ ਸੋਚ ਰੱਖਦਿਆਂ ਹੋਇਆਂ, ਇਲਾਕੇ ਦੀਆਂ ਗਰਾਮ ਪੰਚਾਇਤਾਂ ਤੇ ਕੋ-ਆਪਰੇਟਿਵ ਸੁਸਾਇਟੀਜ਼ ਨੂੰ ਪਰਾਲੀ ਪ੍ਰਬੰਧਨ ਮੁਹਿੰਮ ਵਿਚ ਅੱਗੇ ਆ ਕੇ ਸਰਕਾਰ ਵਲੋਂ ਦਿੱਤੀ ਜਾ ਰਹੀ 80 ਫ਼ੀਸਦੀ ਸਬਸਿਡੀ ਸਹਾਇਤਾ ’ਤੇ ਮਸ਼ੀਨਾਂ ਖ਼ਰੀਦਣੀਆਂ ਚਾਹੀਦੀਆਂ ਹਨ। ਇਸ ਮੌਕੇ ਡਾ. ਪਰਮਿੰਦਰ ਸਿੰਘ ਤੇ ਡਾ. ਕਰਮਵੀਰ ਸਿੰਘ ਵਲੋਂ ਕਿਸਾਨਾਂ ਨੂੰ ਸਬਜ਼ੀਆਂ ਦੀ ਕਾਸ਼ਤ ਸੰਬੰਧੀ ਜਾਣਕਾਰੀ ਦਿੰਦਿਆਂ ਘਰੇਲੂ ਫਲ ਤੇ ਸਬਜ਼ੀ ਬਗੀਚੀ ਲਈ ਪ੍ਰੇਰਿਤ ਕੀਤਾ। ਡਾ. ਗਗਨਦੀਪ ਸਿੰਘ ਵਿਸ਼ਾ ਵਸਤੂ ਮਾਹਿਰ, ਹੁਸ਼ਿਆਰਪੁਰ ਵਲੋਂ ਗੰਨੇ ਦੀ ਕਾਸ਼ਤ ਬਾਰੇ ਦੱਸਦਿਆਂ ਬੇਲੋੜੀਆਂ ਖਾਦਾਂ ਸਪਰੇਹਾਂ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰਨ ਲਈ ਕਿਹਾ। ਡਾ. ਯਸ਼ਪਾਲ ਖੇਤੀਬਾੜੀ ਸੂਚਨਾ ਅਫ਼ਸਰ ਹੁਸ਼ਿਆਰਪੁਰ ਵਲੋਂ ਕਿਸਾਨਾਂ ਨੂੰ ਝੋਨੇ ਦੇ ਮਧਰੇਪਣ ਦੀ ਬਿਮਾਰੀ ਅਤੇ ਝੋਨੇ ਵਿਚ ਹਲਦੀ ਰੋਗ ਦੀ ਰੋਕਥਾਮ ਬਾਰੇ ਦੱਸਿਆ। ਮਨਦੀਪ ਕੌਰ, ਵਰਟੀਬਰ ਵਲੋਂ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਵੱਖ-ਵੱਖ ਤਰੀਕਿਆਂ ਬਾਰੇ ਦੱਸਿਆ। ਇਸ ਮੌਕੇ ਵੱਖ-ਵੱਖ ਪਿੰਡਾਂ ਦੇ ਕਿਸਾਨ ਹਾਜ਼ਰ ਸਨ।