ਹੁਸ਼ਿਆਰਪੁਰ, 26 ਜੂਨ (ਨਰਿੰਦਰ ਸਿੰਘ ਬੱਡਲਾ)-ਹੁਸ਼ਿਆਰਪੁਰ ਦੀ ਵਿਸ਼ਵ ਪ੍ਰਸਿੱਧ ਟਾਹਲੀ ਦੀ ਲੱਕੜੀ ਤੇ ਜੜਾਈ ਤੇ ਮੀਨਾਕਾਰੀ ਦੀ ਕਲਾ ਜੋ ਦੁਨੀਆ ਦੇ ਹਰ ਕੋਨੇ ਵਿਚ ਬੈਠੇ ਸ਼ੌਕੀਨ ਲੋਕਾਂ ਦੀ ਚਰਚਾ ਦਾ ਵਿਸ਼ਾ ਬਣਿਆ ਰਹਿੰਦੀ ਹੈ ਤੇ ਆਪਣੀ ਖ਼ਾਸ ਪਹਿਚਾਣ ਬਣਾਈ ਹੈ। ਪੀੜ੍ਹੀਆਂ ਤੋਂ ਚੱਲਦੀ ਆ ਰਹੀ ਇਸ ਕਲਾ ਨੂੰ ਸੰਭਾਲ ਰਹੇ ਨੌਜਵਾਨ ਉਦਯੋਗਪਤੀ ਡਾ. ਅਮਿੱਤ ਮਠਾਰੂ ਇਸ ਵਿਚ ਮਹਤਵਪੂਰਨ ਭੂਮਿਕਾ ਨਿਭਾਉਂਦਿਆਂ ਇਸ ਕਿੱਤੇ ਦੇ ਨਾਲ-ਨਾਲ ਆਪਣੇ ਪਰਿਵਾਰ ਅਤੇ ਹੁਸ਼ਿਆਰਪੁਰ ਦਾ ਨਾਂਅ ਵੀ ਅੰਤਰਰਾਸ਼ਟਰੀ ਪੱਧਰ ’ਤੇ ਰੌਸ਼ਨ ਕਰਦੇ ਆ ਰਹੇ ਹਨ। ਇਸ ਵਿਰਾਸਤੀ ਕਲਾ ਨੂੰ ਹੋਰ ਹੁੰਗਾਰਾ ਦੇਣ ਲਈ ਡਾ. ਅਮਿੱਤ ਕੜੀ ਮਿਹਨਤ ਕਰਦੇ ਨਜ਼ਰ ਆ ਰਹੇ ਹਨ ਅਤੇ ਪ੍ਰਸ਼ਾਸਨ ਵੀ ਇਨ੍ਹਾਂ ਦਾ ਪੂਰਾ ਸਹਾਈ ਹੈ। ਹਾਲ ਹੀ ਵਿਚ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੂੰ ਮਿਲ ਇਕ ਪੱਤਰ ਰਾਹੀਂ ਬੇਨਤੀ ਕੀਤੀ, ਜਿਸ ਦਾ ਵਿਸ਼ਾ ਵਿਰਾਸਤੀ ਕਲਾ ਨੂੰ ਅੱਜ ਦੇ ਦੌਰ ਚ ਸੋਸ਼ਲ ਮੀਡੀਆ ਰਾਹੀਂ ਵਿਸ਼ਵ ਪੱਧਰ ’ਤੇ ਲੋਕਾਂ ਸਾਹਮਣੇ ਪੇਸ਼ ਕਰਨ ਦਾ ਹੈ। ਇਸ ਪਹਿਲ ਨਾਲ ਵਿਸ਼ਵ ਭਰ ਦੇ ਲੋਕਾਂ ਨੂੰ ਇਸ ਕਲਾ ਬਾਰੇ ਹੋਰ ਜਾਣਕਾਰੀ ਮਿਲੇਗੀ, ਜਿਸ ਨਾਲ ਕਾਰੀਗਰਾਂ ਦੇ ਰੋਜ਼ਗਾਰ ਵਿਚ ਵਾਧੇ ਦੇ ਨਾਲ-ਨਾਲ ਹੁਸ਼ਿਆਰਪੁਰ ਦੇ ਮਾਣ ਵਿਚ ਵੀ ਵਾਧਾ ਹੋਵੇਗਾ ਤੇ ਰੋਜ਼ਗਾਰ ਦੇ ਮੌਕੇ ਵੀ ਮਿਲਣਗੇ। ਡਾ. ਅਮਿੱਤ ਸ਼ਹਿਰ ਦੇ ਇਸ ਕਲਾ ਭਰਪੂਰ ਕਿੱਤੇ ਨੂੰ ਅੱਗੇ ਵਧਾਉਣ ’ਚ ਪ੍ਰਸ਼ਾਸਨ ਤੋਂ ਮਿਲਦੀ ਆਈ ਹਰ ਸਹਾਇਤਾ ਦੇ ਹਮੇਸ਼ਾ ਦਿਲੋਂ ਧੰਨਵਾਦੀ ਰਹੇ ਹਨ ਤੇ ਇਸ ਵਿਰਾਸਤੀ ਕਲਾ ਨੂੰ ਹੋਰ ਉਚਾਈਆਂ ਤੱਕ ਲਿਜਾਉਣ ਲਈ ਵਚਨਬੱਧ ਹਨ।