ਹੁਸ਼ਿਆਰਪੁਰ, 30 ਜੂਨ (ਨਰਿੰਦਰ ਸਿੰਘ ਬੱਡਲਾ)-1 ਜੁਲਾਈ ਨੂੰ ਮਨਾਏ ਜਾਣ ਵਾਲੇ ਰਾਸ਼ਟਰੀ ਡਾਕਟਰ ਦਿਵਸ ਦੇ ਮੌਕੇ ‘ਤੇ ਸਿਵਲ ਸਰਜਨ ਡਾ. ਮਨਦੀਪ ਕਮਲ ਨੇ ਜ਼ਿਲ੍ਹੇ ਦੇ ਸਮੂਹ ਸਰਕਾਰੀ ਅਤੇ ਨਿੱਜੀ ਡਾਕਟਰਾਂ, ਪ੍ਰੋਗਰਾਮ ਅਫ਼ਸਰਾਂ, ਸੀਨੀਅਰ ਮੈਡੀਕਲ ਅਫ਼ਸਰਾਂ, ਮੈਡੀਕਲ ਅਫ਼ਸਰਾਂ, ਦੰਦਾਂ ਦੇ ਡਾਕਟਰਾਂ, ਮਾਹਿਰ ਡਾਕਟਰਾਂ, ਸਟਾਫ਼ ਨਰਸਾਂ, ਏ.ਐਨ.ਐਮ., ਮਲਟੀਪਰਪਜ਼ ਹੈਲਥ ਵਰਕਰਾਂ, ਕਮਿਊਨਿਟੀ ਹੈਲਥ ਅਫ਼ਸਰਾਂ, ਆਸ਼ਾ ਵਰਕਰਾਂ ਅਤੇ ਸਮੂਹ ਸਿਹਤ ਕਰਮਚਾਰੀਆਂ ਨੂੰ ਰਾਸ਼ਟਰੀ ਡਾਕਟਰ ਦਿਵਸ ਦੀਆਂ ਹਾਰਦਿਕ ਵਧਾਈਆਂ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਸਿਹਤ ਸੇਵਾਵਾਂ ਨਾਲ ਜੁੜਿਆ ਹਰ ਕਰਮਚਾਰੀ ਲੋਕਾਂ ਦੀ ਸਿਹਤ ਸੁਰੱਖਿਆ ਦੀ ਲੜੀ ਦਾ ਅਹਿਮ ਹਿੱਸਾ ਹੈ ਅਤੇ ਸਾਰਿਆਂ ਦੇ ਸਾਂਝੇ ਯਤਨਾਂ ਸਦਕਾ ਹੀ ਲੋਕਾਂ ਨੂੰ ਗੁਣਵੱਤਾ ਭਰੀਆਂ ਸਿਹਤ ਸੇਵਾਵਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ। ਸਿਵਲ ਸਰਜਨ ਡਾ. ਮਨਦੀਪ ਕਮਲ ਨੇ ਕਿਹਾ ਕਿ ਡਾਕਟਰ ਸਮਾਜ ਦੀ ਸਿਹਤ ਦੀ ਰੱਖਿਆ ਕਰਨ ਵਾਲੇ ਅਸਲ ਕਰਮਯੋਗੀ ਹਨ, ਜੋ ਦਿਨ-ਰਾਤ ਆਪਣੇ ਫ਼ਰਜ਼ ਨੂੰ ਪੂਰੀ ਨਿਸ਼ਠਾ, ਸਮਰਪਣ ਅਤੇ ਮਨੁੱਖਤਾ ਦੀ ਭਾਵਨਾ ਨਾਲ ਨਿਭਾਉਂਦੇ ਹੋਏ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਦੇਣ ਦਾ ਯਤਨ ਕਰਦੇ ਹਨ। ਉਨ੍ਹਾਂ ਦੱਸਿਆ ਕਿ ਭਾਰਤ ਵਿਚ ਹਰ ਸਾਲ 1 ਜੁਲਾਈ ਨੂੰ ਰਾਸ਼ਟਰੀ ਡਾਕਟਰ ਦਿਵਸ ਦੇਸ਼ ਦੇ ਮਹਾਨ ਚਿਕਿਤਸਿਕ, ਅਧਿਆਪਕ, ਸਮਾਜ ਸੇਵੀ ਅਤੇ ਪੱਛਮੀ ਬੰਗਾਲ ਦੇ ਸਾਬਕਾ ਮੁੱਖ ਮੰਤਰੀ ਡਾ. ਬਿਧਾਨ ਚੰਦਰ ਰਾਏ ਦੀ ਜਨਮ ਅਤੇ ਪੁਣਯ ਤਿਥੀ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਪ੍ਰੋਗਰਾਮ ਅਫ਼ਸਰਾਂ, ਸੀਨੀਅਰ ਮੈਡੀਕਲ ਅਫ਼ਸਰਾਂ ਅਤੇ ਮੈਡੀਕਲ ਅਫ਼ਸਰਾਂ ਨੂੰ ਅਪੀਲ ਕੀਤੀ ਕਿ ਉਹ ਸਾਰੇ ਕੌਮੀ ਸਿਹਤ ਪ੍ਰੋਗਰਾਮਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਦੇ ਹੋਏ ਲੋਕਾਂ ਤੱਕ ਗੁਣਵੱਤਾ ਭਰੀਆਂ, ਸਮੇਂ ਸਿਰ ਅਤੇ ਮਰੀਜ਼-ਕੇਂਦਰਿਤ ਸਿਹਤ ਸੇਵਾਵਾਂ ਪਹੁੰਚਾਉਣ ਨੂੰ ਯਕੀਨੀ ਬਣਾਉਣ।
ਸਿਹਤ ਸੇਵਾਵਾਂ ਨਾਲ ਜੁੜਿਆ ਹਰੇਕ ਕਰਮਚਾਰੀ ਸਿਹਤ ਸੁਰੱਖਿਆ ਦੀ ਲੜੀ ਦਾ ਅਹਿਮ ਹਿੱਸਾ-ਡਾ. ਮਨਦੀਪ ਕਮਲ
ਅਜੀਤ ਡੈਸਕ
01-07-2026