ਹੁਸ਼ਿਆਰਪੁਰ, 6 ਜੁਲਾਈ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਹਲਕਾ ਚੱਬੇਵਾਲ ਦੇ ਪਿੰਡ ਮੈਲੀ ਵਿਖੇ ਕਰਵਾਏ ਗਏ ਫੁੱਟਬਾਲ ਟੂਰਨਾਮੈਂਟ ਵਿਚ ਸ਼ਿਰਕਤ ਕਰਨ ਪਹੁੰਚੇ ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਆਯੋਜਕਾਂ ਨੂੰ ਇਸ ਉਪਰਾਲੇ ਲਈ ਵਧਾਈ ਦਿੱਤੀ। ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਮੈਲੀ ਦੇ ਵਿਕਾਸ ਲਈ ਜਾਰੀ ਕੀਤੀਆਂ 61 ਲੱਖ ਰੁਪਏ ਦੀਆਂ ਗ੍ਰਾਂਟਾਂ ਅਤੇ ਉਨ੍ਹਾਂ ਤਹਿਤ ਚੱਲ ਰਹੇ ਤੇ ਮੁਕੰਮਲ ਹੋ ਚੁੱਕੇ ਵਿਕਾਸ ਕਾਰਜਾਂ ਦੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਨੌਜਵਾਨਾਂ ਨੂੰ ਖੇਡਾਂ ਲਈ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਵਾਸਤੇ 15 ਲੱਖ ਰੁਪਏ ਦੀ ਲਾਗਤ ਨਾਲ ਸਟੇਡੀਅਮ ਦੇ ਵਿਕਾਸ ਦਾ ਕੰਮ ਜਾਰੀ ਹੈ। 10 ਲੱਖ ਰੁਪਏ ਦੀ ਲਾਗਤ ਨਾਲ ਹੜ੍ਹਾਂ ਕਾਰਨ ਨੁਕਸਾਨੀ ਗਈ ਹੁਸ਼ਿਆਰਪੁਰ-ਮਾਹਿਲਪੁਰ ਰੋਡ ਤੋਂ ਮੈਲੀ ਤੱਕ ਦੀ ਸੜਕ ਦੀ ਮੁਰੰਮਤ ਕਰਵਾਈ ਗਈ, 9 ਲੱਖ ਰੁਪਏ ਦੀ ਲਾਗਤ ਨਾਲ ਗਲੀਆਂ ਤੇ ਨਾਲੀਆਂ ਦੇ ਵਿਕਾਸ ਕਾਰਜ ਵੀ ਪੂਰੇ ਹੋ ਚੁੱਕੇ ਹਨ। ਪਿੰਡ ਦੇ ਸ਼ਮਸ਼ਾਨਘਾਟ ਵਿਚ ਸ਼ੈੱਡ ਦੇ ਨਿਰਮਾਣ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਰਨ-ਆਫ ਕੰਟਰੋਲ ਨਾਲ ਸੰਬੰਧਿਤ ਕੰਮ ਵੀ ਸਫਲਤਾਪੂਰਵਕ ਮੁਕੰਮਲ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪਾਣੀ ਦੀ ਸੰਭਾਲ ਅਤੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਸੁਧਾਰਨ ਦੇ ਉਦੇਸ਼ ਨਾਲ 21.62 ਲੱਖ ਰੁਪਏ ਦੀ ਲਾਗਤ ਨਾਲ ਰੇਨ ਵਾਟਰ ਰੀਚਾਰਜ ਕਮ ਸਿਲਟ ਡਿਟੈਨਸ਼ਨ ਸਟਰੱਕਚਰ ਦਾ ਨਿਰਮਾਣ ਵੀ ਕੀਤਾ ਜਾ ਰਿਹਾ ਹੈ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਚਰਨਜੀਤ ਸਿੰਘ ਬੰਟੀ, ਸਰਪੰਚ ਅਸ਼ੋਕ ਕੁਮਾਰ, ਕੁਲਦੀਪ ਰਾਜ ਲੱਡੂ, ਸੁਖਵੀਰ ਸਿੰਘ, ਸੰਮਤੀ ਮੈਂਬਰ ਕੁੰਦਨ ਲਾਲ ਆਦਿ ਹਾਜ਼ਰ ਸਨ।
ਮੈਲੀ ਪਿੰਡ ਦੇ ਵਿਕਾਸ ਕਾਰਜਾਂ ਲਈ 61 ਲੱਖ ਦੀਆਂ ਗ੍ਰਾਂਟਾਂ ਕੀਤੀਆਂ ਜਾਰੀ - ਡਾ. ਇਸ਼ਾਂਕ ਕੁਮਾਰ
ਅਜੀਤ ਡੈਸਕ
07-07-2026