ਹੁਸ਼ਿਆਰਪੁਰ, 8 ਜੁਲਾਈ (ਨਰਿੰਦਰ ਸਿੰਘ ਬੱਡਲਾ/ਹਰਪ੍ਰੀਤ ਕੌਰ)- ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੁਸ਼ਿਆਰਪੁਰ ਨਗਰ ਨਿਗਮ ਦੀ ਹੋਈ ਚੋਣ, ਜਿਸ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਸੈਮੀ ਫਾਈਨਲ ਵਜੋਂ ਦੇਖਿਆ ਜਾ ਰਿਹਾ ਹੈ। ਇਨ੍ਹਾਂ ਚੋਣਾਂ ‘ਚ ਆਮ ਆਦਮੀ ਪਾਰਟੀ ਦੇ ‘ਝਾੜੂ’ ਨੇ ਵਿਰੋਧੀ ਦਲਾਂ ਦਾ ਪੂਰੀ ਤਰ੍ਹਾਂ ਸਫ਼ਾਇਆ ਕਰਕੇ ਰੱਖ ਦਿੱਤਾ ਹੈ। ਸਾਲਾਨਾ ਕਰੋੜਾਂ ਰੁਪਏ ਦੇ ਬਜਟ ਵਾਲੇ ਨਗਰ ਨਿਗਮ ‘ਤੇ ਭਾਰੀ ਬਹੁਮਤ ਨਾਲ ਕਬਜ਼ਾ ਕਰਦਿਆਂ ਆਮ ਆਦਮੀ ਪਾਰਟੀ ਨੇ 50 ‘ਚੋਂ 35 ਸੀਟਾਂ ‘ਤੇ ਜਿੱਤ ਹਾਸਲ ਕੀਤੀ ਜਦਕਿ ਕਾਂਗਰਸ ਪਾਰਟੀ ਨੇ 9, ਭਾਜਪਾ ਨੇ 3 ਅਤੇ ਆਜ਼ਾਦ ਉਮੀਦਵਾਰਾਂ ਨੇ ਵੀ 3 ਸੀਟਾਂ ‘ਤੇ ਆਪਣੀ ਜਿੱਤ ਦਾ ਪਰਚਮ ਲਹਿਰਾਇਆ। ਇਨ੍ਹਾਂ ਚੋਣਾਂ ‘ਚ ਸ਼੍ਰੋਮਣੀ ਅਕਾਲੀ ਦਲ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀ। ਅਜਿਹਾ ਪਹਿਲੀਵਾਰ ਹੋਇਆ ਹੈ ਕਿ ਨਗਰ ਨਿਗਮ ਦੀਆਂ ਚੋਣਾਂ ‘ਚ ਔਰਤ ਉਮੀਦਵਾਰਾਂ ਨੇ 30 ਸੀਟਾਂ ‘ਤੇ ਕਬਜ਼ਾ ਕੀਤਾ ਹੈ, ਜਿਸ ਦੇ ਚੱਲਦਿਆਂ ਔਰਤਾਂ ਦੀਆਂ ਵੋਟਾਂ ਨੂੰ ਵਿਧਾਨ ਸਭਾ ਚੋਣਾਂ ਲਈ ਕੈਸ਼ ਕਰਨ ਦੇ ਮਕਸਦ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਕਿਸੇ ਵੀ ਮੌਕੇ ਨੂੰ ਗਵਾਉਣ ਦਾ ਜੋਖ਼ਮ ਨਹੀਂ ਲਿਆ ਜਾਵੇਗਾ ਤੇ ਸੰਭਾਵਨਾ ਇਹ ਹੈ ਕਿ ਇਸ ਵਾਰ ਸ਼ਾਇਦ ਮੇਅਰ ਦਾ ਤਾਜ ਕਿਸੇ ਔਰਤ ਦੇ ਸਿਰ ‘ਤੇ ਹੀ ਸੱਜ ਜਾਵੇ, ਕਿਉਂਕਿ ਭਾਰੀ ਬਹੁਮਤ ਨਾਲ ਨਗਰ ਨਿਗਮ ‘ਚ ਪਹੁੰਚੀਆਂ ਔਰਤ ਉਮੀਦਵਾਰਾਂ ਦੀ ਮੇਅਰ ਲਈ ਦਾਅਵੇਦਾਰੀ ਬੇਹੱਦ ਮਜ਼ਬੂਤ ਹੈ। ਜੇਕਰ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦੀ ਕੌਂਸਲਰ ਪ੍ਰਵੀਨ ਸੈਣੀ 6ਵੀਂ ਵਾਰ ਇਨ੍ਹਾਂ ਚੋਣਾਂ ‘ਚ ਜੇਤੂ ਰਹੀ ਹੈ ਅਤੇ ਉਨ੍ਹਾਂ ਨੂੰ ਮੇਅਰ ਦੇ ਅਹੁਦੇ ਲਈ ਪ੍ਰਮੁੱਖ ਉਮੀਦਵਾਰ ਵਜੋਂ ਦੇਖਿਆ ਜਾ ਰਿਹਾ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਲਗਾਤਾਰ 6 ਵਾਰ ਜਿੱਤ ਦਰਜ ਕਰਨ ਤੋਂ ਬਾਅਦ ਕੌਂਸਲਰ ਬਣੀ ਪ੍ਰਵੀਨ ਸੈਣੀ ਨੂੰ ਪਾਰਟੀ ਦੇ ਆਲ੍ਹਾ ਆਗੂਆਂ ਅਤੇ ਔਰਤਾਂ ਦਾ ਵੀ ਸਮਰਥਨ ਮਿਲ ਰਿਹਾ ਹੈ। ਦੱਸਣਯੋਗ ਹੈ ਕਿ ਪ੍ਰਵੀਨ ਸੈਣੀ ਪਿਛਲੇ ਸਮੇਂ ਦੌਰਾਨ ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ‘ਤੇ ਪ੍ਰਭਾਵਸ਼ਾਲੀ ਢੰਗ ਨਾਲ ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਹਨ। ਹਾਲਾਂਕਿ ਪ੍ਰਵੀਨ ਸੈਣੀ ਨੇ ਆਪਣਾ ਰਾਜਨੀਤਕ ਸਫ਼ਰ ਭਾਰਤੀ ਜਨਤਾ ਪਾਰਟੀ ਰਾਹੀਂ ਸ਼ੁਰੂ ਕੀਤਾ ਸੀ ਪਰ ਇਸ ਤੋਂ ਬਾਅਦ ਕੁੱਝ ਕਾਰਨਾਂ ਕਰਕੇ ਉਹ ਕਾਂਗਰਸ ਪਾਰਟੀ ‘ਚ ਸ਼ਾਮਿਲ ਹੋ ਗਏ ਸਨ ਪਰ ਉਨ੍ਹਾਂ ਦੀ ਜਿੱਤ ਲਗਾਤਾਰ ਜਾਰੀ ਰਹੀ ਸੀ। ਇਸ ਤੋਂ ਬਾਅਦ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਇਕ ਘਟਨਾਕ੍ਰਮ ਦੇ ਚੱਲਦਿਆਂ ਨਗਰ ਨਿਗਮ ਦੀ ਪੂਰੀ ਕਮੇਟੀ ਆਮ ਆਦਮੀ ਪਾਰਟੀ ‘ਚ ਸ਼ਾਮਿਲ ਹੋ ਗਈ ਸੀ। ਇਸ ਦੌਰਾਨ ਪ੍ਰਵੀਨ ਸੈਣੀ ਨੇ ਵੀ ਆਮ ਆਦਮੀ ਪਾਰਟੀ ਦਾ ਪੱਲਾ ਫੜ੍ਹ ਲਿਆ ਸੀ। ਪ੍ਰਵੀਨ ਸੈਣੀ ‘ਸੈਣੀ’ ਬਰਾਦਰੀ ਨਾਲ ਸਬੰਧਿਤ ਹਨ ਅਤੇ ਹੁਸ਼ਿਆਰਪੁਰ ‘ਚ ਸੈਣੀ ਬਰਾਦਰੀ ਦੀ ਮਜ਼ਬੂਤ ਪਕੜ ਹੈ ਜਿਸ ਦੇ ਚੱਲਦਿਆਂ ਉਨ੍ਹਾਂ ਦੀ ਦਾਅਵੇਦਾਰੀ ਹੋਰ ਵੀ ਪਰਪੱਕ ਹੋ ਜਾਂਦੀ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਪਿਛਲੇ ਕਾਰਜਕਾਲ ਦੇ ਮੇਅਰ ਸੁਰਿੰਦਰ ਕੁਮਾਰ ਨੇ ਵੀ ਇਸ ਵਾਰ ਵੱਡੀ ਲੀਡ ਨਾਲ ਜਿੱਤ ਹਾਸਲ ਕੀਤੀ ਹੈ ਅਤੇ ਉਹ ਵੀ ਮੇਅਰ ਦੀ ਕੁਰਸੀ ਲਈ ਪ੍ਰਮੁੱਖ ਦਾਅਵੇਦਾਰ ਹਨ। ਇਸ ਦੇ ਨਾਲ ਹੀ ਸਥਾਨਕ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਦੇ ਭਰਾ ਰਾਜੇਸ਼ਵਰ ਦਿਆਲ ਬੱਬੀ ਨੇ ਵੀ ਪ੍ਰਭਾਵਸ਼ਾਲੀ ਢੰਗ ਨਾਲ ਚੋਣਾਂ ‘ਚ ਜਿੱਤ ਦਰਜ ਕੀਤੀ ਹੈ, ਜਿਨ੍ਹਾਂ ਦੇ ਮੇਅਰ ਬਣਨ ਦੀਆਂ ਵੀ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ। ਆਮ ਆਦਮੀ ਪਾਰਟੀ ਵਲੋਂ ਇਨ੍ਹਾਂ ਚੋਣਾਂ ਨੂੰ ਜਿਸ ਪ੍ਰਭਾਵਸ਼ਾਲੀ ਢੰਗ ਨਾਲ ਲੜਿਆ ਗਿਆ ਅਤੇ ਹੂੰਝਾਫੇਰ ਜਿੱਤ ਦਰਜ ਕੀਤੀ ਗਈ ਹੈ, ਇਸ ਦਾ ਸਿੱਧਾ ਪ੍ਰਭਾਵ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ‘ਤੇ ਵੀ ਪੈ ਸਕਦਾ ਹੈ। ਦੇਖਣਾ ਇਹ ਹੋਵੇਗਾ ਕਿ ਸ਼ਹਿਰ ‘ਚ ਮਿਲੀ ਇਸ ਵੱਡੀ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਅਤੇ ਹੋਰ ਰਾਜਸੀ ਪਾਰਟੀਆਂ ਪਿੰਡਾਂ ਦੇ ਵੋਟਰਾਂ ‘ਤੇ ਵਿਧਾਨ ਸਭਾ ਚੋਣਾਂ ‘ਚ ਕਿੰਨਾ ਪ੍ਰਭਾਵ ਪਾਉਂਦੀਆਂ ਹਨ ਅਤੇ ਲੋਕ-ਮਤ ਕਿਸ ਦੇ ਪੱਖ ‘ਚ ਨਿੱਤਰਦਾ ਹੈ।