ਮੁਕੇਰੀਆਂ, 10 ਜੁਲਾਈ (ਰਾਮਗੜ੍ਹੀਆ)- ਪੰਜਾਬ ਵਿਚ ਚੱਲ ਰਹੇ ਵੋਟਾਂ ਦੇ ਸਪੈਸ਼ਲ ਇੰਨਸੈਟਿਵ ਰਿਵੀਜ਼ਨ (ਐੱਸ.ਆਈ.ਆਰ 2003) ਇਸ ਸਮੇਂ ਬੂਥ ਲੈਵਲ ਅਫ਼ਸਰਾਂ ਲਈ ਕਾਫ਼ੀ ਮਾਨਸਿਕ ਪ੍ਰੇਸ਼ਾਨੀ ਵਾਲਾ ਸਾਬਤ ਹੋ ਰਿਹਾ ਹੈ ਜਿਸ ਦਾ ਸਬੂਤ ਗੁਰਦਾਸਪੁਰ ਦੇ ਇਕ ਅਧਿਆਪਕ ਗੁਰਪ੍ਰੀਤ ਸਿੰਘ ਨੂੰ ਖ਼ੁਦਕੁਸ਼ੀ ਕਰਨ ਲਈ ਮਜਬੂਰ ਹੋਣਾ ਪਿਆ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗੌਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਜਥੇਬੰਦਕ ਸਕੱਤਰ ਰਜਤ ਮਹਾਜਨ ਅਤੇ ਸਹਾਇਕ ਪ੍ਰੈੱਸ ਸਕੱਤਰ ਸਤੀਸ਼ ਕੁਮਾਰ ਨੇ ਕੀਤਾ। ਆਗੂਆਂ ਨੇ ਕਿਹਾ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਭੱਟੀਆਂ ਵਿਚ ਇਕ ਬੇਹੱਦ ਮੰਦਭਾਗੀ ਘਟਨਾ ਵਾਪਰੀ ਜਿੱਥੇ ਇਕ ਅਧਿਆਪਕ ਨੇ ਨਹਿਰ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਕਿਉਂਕਿ ਬੀ.ਐਲ.ਓ. ਅਧਿਆਪਕ ਗੁਰਪ੍ਰੀਤ ਸਿੰਘ ਉੱਪਰ ਕੰਮ ਦਾ ਏਨਾ ਜ਼ਿਆਦਾ ਬੋਝ ਸੀ ਕਿ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ। ਉਸ ਨੇ ਆਪਣੇ ਇੱਕ ਰਿਸ਼ਤੇਦਾਰ ਨੂੰ ਫ਼ੋਨ ਕਰਕੇ ਦੱਸਿਆ ਵੀ ਕਿ ਉਹ ਐੱਸ.ਆਈ.ਆਰ. ਦਾ ਕੰਮ ਸਮੇਂ-ਸਿਰ ਨਹੀਂ ਕਰ ਪਾ ਰਿਹਾ ਜਿਸ ਦੇ ਚੱਲਦਿਆਂ ਇਹ ਕਦਮ ਚੁੱਕਿਆ ਹੈ। ਆਗੂਆਂ ਨੇ ਸਰਕਾਰ ਤੋਂ ਅਧਿਆਪਕ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਦਾ ਮੁਆਵਜ਼ਾ ਤੇ ਸਰਕਾਰੀ ਨੌਕਰੀ ਦੀ ਮੰਗ ਕੀਤੀ। ਆਗੂਆਂ ਨੇ ਮੰਗ ਕੀਤੀ ਕਿ ਐੱਸ.ਆਈ.ਆਰ ਦਾ ਕੰਮ ਨਿਪਟਾਉਣ ਲਈ ਬੂਥ ਲੈਵਲ ਅਫ਼ਸਰਾਂ ਨੂੰ ਤੰਗ ਪ੍ਰੇਸ਼ਾਨ ਕਰਕੇ ਉਨ੍ਹਾਂ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਨਾ ਕੀਤਾ ਜਾਵੇ ਨਹੀਂ ਤਾਂ ਪ੍ਰਸ਼ਾਸਨ ਤਿੱਖੇ ਸੰਘਰਸ਼ ਲਈ ਤਿਆਰ ਰਹੇ। ਇਸ ਮੌਕੇ ਪਰਮਜੀਤ ਸਿੰਘ, ਰਮਾਕਾਂਤ, ਸੁਰਿੰਦਰ ਸਿੰਘ, ਸੁਖਜਿੰਦਰ ਸਿੰਘ, ਰਮੇਸ਼ ਕੁਮਾਰ, ਨੀਲ ਕਮਲ, ਵਿਨੋਦ ਕੁਮਾਰ, ਗੁਰਪਾਲ ਸਿੰਘ, ਲੈਕ. ਰਾਜੇਸ਼ ਕੁਮਾਰ, ਸਤਪਾਲ ਡੀ ਪੀ, ਜਸਵੀਰ ਬਾਜਾਚੱਕ, ਸੁਰੇਸ਼ ਲੋਹਗੜ੍ਹ, ਸ਼ੀਸ਼ਪਾਲ ਚੌਹਾਨ, ਮਨਜੀਤ ਸਿੰਘ, ਪਰਸ ਰਾਮ, ਬਲਵਿੰਦਰ ਟਾਕ, ਬ੍ਰਿਜ ਮੋਹਨ, ਰਿਸ਼ਵ ਦੇਵ, ਜਸਵੰਤ ਸਿੰਘ, ਖੁਸ਼ਵੰਤ ਸਿੰਘ, ਤਰਸੇਮ ਲਾਲ, ਰਕੇਸ਼ ਸੰਗੋਤਰਾ, ਹਰਜੀਤ ਸਿੰਘ, ਰਾਕੇਸ਼ ਡਡਵਾਲ, ਰਾਜੇਸ਼ ਸੰਗੋਤਰਾ, ਰਵਿੰਦਰ ਕੁਮਾਰ, ਅਨਿਲ ਭੰਗਾਲਾ, ਸੰਦੀਪ ਕੌਸ਼ਲ, ਨਸੀਬ ਕੁਮਾਰ, ਸਮਰੱਥ ਠਾਕੁਰ, ਰੌਸ਼ਨ ਲਾਲ, ਸੁਭਾਸ਼ ਠਾਕੁਰ, ਅਜਮੇਰ ਸਿੰਘ ਅਤੇ ਬੂਟਾ ਸਿੰਘ ਆਦਿ ਹਾਜ਼ਰ ਸਨ।