ਕੇ. ਐਮ. ਐਸ. ਕਾਲਜ ਵਿਖੇ ਐਨ. ਐੱਸ. ਐੱਸ. ਦੇ ਦੋ ਰੋਜ਼ਾ ਕੈਂਪ-ਪ੍ਰਿੰਸੀਪਲ ਡਾ. ਮਾਨਵ ਸੈਣੀ
ਦਸੂਹਾ, 31 ਅਕਤੂਬਰ (ਭੁੱਲਰ)-ਕੇ. ਐਮ.
ਦਸੂਹਾ, 31 ਅਕਤੂਬਰ (ਭੁੱਲਰ)-ਕੇ. ਐਮ. ਐਸ. ਕਾਲਜ ਆਫ਼ ਆਈ. ਟੀ. ਐਂਡ ਮੈਨੇਜਮੈਂਟ ਦਸੂਹਾ ਵਿਖੇ ਰਾਸ਼ਟਰੀ ਸੇਵਾ ਯੋਜਨਾ (ਐਨ. ਐੱਸ. ਐੱਸ.) ਦੇ ਦੋ ਰੋਜ਼ਾ ਕੈਂਪ ਦਾ ਆਯੋਜਨ ਕੀਤਾ। ਇਹ ਕੈਂਪ ਪ੍ਰਿੰਸੀਪਲ ਡਾ. ਮਾਨਵ ਸੈਣੀ ਤੇ ਐਨ. ਐੱਸ. ਐੱਸ. ਦੇ ਨੋਡਲ ਅਫ਼ਸਰ ਡਾ. ਰਾਜੇਸ਼ ਕੁਮਾਰ ਦੀ ਅਗਵਾਈ ਹੇਠ ਲਗਾਇਆ। ਇਸ ਮੌਕ ਐਨ. ਐੱਸ. ਐੱਸ. ਇੰਚਾਰਜਾਂ ਦੀ ਮੌਜੂਦਗੀ ਵਿਚ ਸਾਰੇ ਵਲੰਟੀਅਰਾਂ ਨੂੰ ਐਨ. ਐੱਸ. ਐੱਸ. ਦੀ ਸਹੁੰ ਚੁਕਾਈ ਗਈ। ਕੈਂਪ ਦੇ ਪਹਿਲੇ ਦਿਨ ਸਫ਼ਾਈ ਮੁਹਿੰਮ ਚਲਾਈ ਗਈ, ਜਿਸ ਦੌਰਾਨ ਐਨ. ਐੱਸ. ਐੱਸ. ਵਲੰਟੀਅਰਾਂ ਨੇ ਸਫ਼ਾਈ ਦੀ ਮਹੱਤਤਾ ਬਾਰੇ ਜਾਗਰੂਕਤਾ ਫੈਲਾਈ। ਇਸ ਤੋਂ ਬਾਅਦ ਰੁੱਖ ਲਗਾਉਣ ਦੀ ਮੁਹਿੰਮ ਤਹਿਤ ਬੂਟੇ ਲਗਾਏ ਗਏ ਅਤੇ ਵਾਤਾਵਰਨ ਦੀ ਸੰਭਾਲ ਦਾ ਸੰਦੇਸ਼ ਦਿੱਤਾ ਗਿਆ। ਇਸੇ ਲੜੀ ਤਹਿਤ ਕਾਲਜ ਕੈਂਪਸ ਨੂੰ ਪਲਾਸਟਿਕ ਮੁਕਤ ਬਣਾਉਣ ਦੇ ਉਦੇਸ਼ ਨਾਲ ਪਲਾਸਟਿਕ ਮੁਕਤ ਮੁਹਿੰਮ ਵੀ ਚਲਾਈ ਗਈ। ਇਨ੍ਹਾਂ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਨੂੰ ਸਾਫ਼-ਸੁਥਰਾ ਵਾਤਾਵਰਨ ਬਣਾਈ ਰੱਖਣ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਕਰਨ ਲਈ ਪ੍ਰੇਰਿਤ ਕੀਤਾ। ਐਨ. ਐੱਸ. ਐੱਸ. ਵਲੰਟੀਅਰਾਂ ਵਿਚਕਾਰ ਸੜਕ ਸੁਰੱਖਿਆ ਤੇ ਨਸ਼ਾ ਵਿਰੋਧੀ ਵਿਸ਼ਿਆਂ ’ਤੇ ਭਾਸ਼ਨ ਮੁਕਾਬਲਾ ਕਰਵਾਇਆ ਗਿਆ। ਵਿਦਿਆਰਥੀਆਂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਅਤੇ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ। ਮੁਕਾਬਲੇ ਦੇ ਨਤੀਜਿਆਂ ਦਾ ਐਲਾਨ ਪ੍ਰਿੰਸੀਪਲ ਡਾ. ਮਾਨਵ ਸੈਣੀ ਵਲੋਂ ਕੀਤਾ ਗਿਆ।