ਗੁਰੂਸਰ ਸੁਧਾਰ, 4 ਫਰਵਰੀ (ਬਲਵਿੰਦਰ ਸਿੰਘ ਧਾਲੀਵਾਲ)-ਬੀਤੇ ਦਿਨੀਂ ਮੰਡੀ ਮੁੱਲਾਂਪੁਰ ਵਿਖੇ ਚਾਈਨਾ ਡੋਰ ਦੀ ਲਪੇਟ ਵਿਚ ਆਉਣ ਕਾਰਨ ਮੌਤ ਦੇ ਮੂੰਹ ਜਾ ਪਈ ਪਿੰਡ ਅਕਾਲਗੜ੍ਹ ਕਲਾਂ ਦੀ ਸਵ: ਸਰਬਜੀਤ ਕੌਰ ਨਮਿੱਤ ਅੰਤਿਮ ਅਰਦਾਸ ਤੋਂ ਬਾਅਦ ਅੱਜ ਸ਼ਾਮ ਵਕਤ ਗੁਰੂਸਰ ਸੁਧਾਰ ਬਾਜ਼ਾਰ ਦੇ ਲੁਧਿਆਣਾ ਬਠਿੰਡਾ ਰਾਗਮਾਰਗ 'ਤੇ ਸੈਂਕੜੇ ਲੋਕਾਂ ਜਿਨ੍ਹਾਂ ਵਿਚ ਅਕਾਲਗੜ੍ਹ ਪਿੰਡ ਵਾਸੀ ਸ਼ਾਮਿਲ ਸਨ, ਨੇ ਮਿ੍ਤਕਾ ਸਰਬਜੀਤ ਕੌਰ ਦੀ ਯਾਦ ਵਿਚ ਕੈਂਡਲ ਮਾਰਚ ਕੱਢਿਆ ਤੇ ਚਾਈਨਾ ਡੋਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ | ਇਸ ਪੈਦਲ ਤੇ ਕੈਂਡਲ ਮਾਰਚ ਵਿਚ ਪਿੰਡ ਅਕਾਲਗੜ੍ਹ ਦੇ ਪੰਚਾਇਤੀ ਨੁਮਾਇੰਦਿਆਂ, ਸੰਮਤੀ ਮੈਂਬਰ ਜਗਦੇਵ ਸਿੰਘ ਜੱਗਾ, ਡੀ.ਟੀ.ਐੱਫ. ਆਗੂ ਮਾ:ਜਸਵੀਰ ਸਿੰਘ ਅਕਾਲਗੜ, ਰਾਮਦੀਪ ਸਿੰਘ ਅਕਾਲਗੜ੍ਹ, ਸੁਖਵਿੰਦਰ ਸਿੰਘ ਕਲੇਰ ਸਾਬਕਾ ਸਰਪੰਚ, ਕੈਪਟਨ ਲਾਲ ਸਿੰਘ ਤੋਂ ਇਲਾਵਾ ਮਿ੍ਤਕਾ ਸਰਬਜੀਤ ਕੌਰ ਦੇ ਪਤੀ ਮਨਦੀਪ ਸਿੰਘ, ਸਹੁਰਾ ਜਸਵੰਤ ਸਿੰਘ, ਸੱਸ ਬਲਜਿੰਦਰ ਕੌਰ ਨੇ ਆਪਣੇ ਦੋ ਸਾਲਾ ਦੇ ਮਾਸੂਮ ਪੋਤੇ ਯੁਵਰਾਜ ਨੂੰ ਨਾਲ ਲੈਕੇ ਹਾਜ਼ਰੀ ਭਰੀ ਤੇ ਅਕਾਲਗੜ੍ਹ ਪਿੰਡ ਤੋਂ ਇਲਾਵਾ ਨਵੀਂ ਆਬਾਦੀ ਅਕਾਲਗੜ੍ਹ ਦੇ ਲੋਕਾਂ ਨੇ ਵੀ ਕੈਂਡਲ ਮਾਰਚ ਵਿਚ ਵੱਡੀ ਗਿਣਤੀ ਅੰਦਰ ਹਿੱਸਾ ਲਿਆ | ਮੋਮਬੱਤੀਆਂ ਜਗਾ ਕੇ ਮਾਰਚ ਵਿਚ ਸ਼ਾਮਿਲ ਸਾਰੇ ਲੋਕਾਂ ਨੇ ਇਸ ਮੌਕੇ ਮਿ੍ਤਕਾ ਸਰਬਜੀਤ ਕੌਰ ਨੂੰ ਭਾਵ-ਭਿੰਨੀ ਸ਼ਰਧਾਂਜਲੀ ਭੇਟ ਕੀਤੀ ਤੇ ਚਾਈਨਾ ਡੋਰ ਵਿਰੁੱਧ ਵਿੱਢੀ ਮੁਹਿੰਮ ਵਿਚ ਵਧ ਚੜ੍ਹ ਕੇ ਸਾਥ ਦੇਣ ਦੀ ਅਪੀਲ ਕੀਤੀ |