ਰਾਏਕੋਟ, 4 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਪਾਵਰਕਾਮ ਦਫ਼ਤਰ ਰਾਏਕੋਟ ਵਿਖੇ ਸਬ-ਅਰਬਨ ਸਰਕਲ ਲੁਧਿਆਣਾ ਦੀ ਮੀਟਿੰਗ ਹੋਈ, ਜਿਸ ਵਿਚ ਸਟੇਟ ਕਮੇਟੀ ਦੇ ਵਰਕਿਸ ਪ੍ਰਧਾਨ ਚਮਕੌਰ ਸਿੰਘ ਬਰ੍ਹਮੀ ਤੇ ਐੱਸ.ਪੀ ਸਿੰਘ ਸਟੇਟ ਕਮੇਟੀ ਉਚੇਚੇ ਤੌਰ 'ਤੇ ਸ਼ਾਮਿਲ ਹੋਏ | ਇਸ ਮੀਟਿੰਗ ਦੌਰਾਨ ਸਰਕਲ ਪ੍ਰਧਾਨ ਮਨਜੀਤ ਸਿੰਘ, ਸਰਕਲ ਸੈਕਟਰੀ ਬਲਵਿੰਦਰ ਸਿੰਘ ਭੰਗੂ, ਡਵੀਜ਼ਨ ਪ੍ਰਧਾਨ ਹਰਦਿਆਲ ਸਿੰਘ ਘੁੰਮਣ, ਪ੍ਰਧਾਨ ਜੋਗਿੰਦਰ ਸਿੰਘ ਜੱਟਪੁਰਾ, ਪ੍ਰਧਾਨ ਜਸਮੇਲ ਸਿੰਘ ਜੱਸਾ, ਪ੍ਰਧਾਨ ਬਲਦੇਵ ਸਿੰਘ ਸੁਖਾਣਾ, ਬਲਦੇਵ ਸਿੰਘ ਢੋਲਣ, ਬੂਟਾ ਸਿੰਘ ਬਿੰਜਲ, ਬਲਦੇਵ ਸਿੰਘ ਨੱਥੋਵਾਲ, ਨਿਰਮਲ ਸਿੰਘ, ਸੁਰਿੰਦਰ ਸਿੰਘ ਵਲੋਂ ਆਪਣੇ ਵਿਚਾਰ ਪੇਸ਼ ਕੀਤੇ ਗਏ | ਆਗੂਆਂ ਨੇ ਦੱਸਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਪਾਵਰਕਾਮ ਢਾਂਚੇ ਨੂੰ ਤਬਾਹ ਕਰਨ ਲਈ ਪਾਵਰਕਾਮ ਨੂੰ ਕਾਰਪੋਰੇਟ ਹੱਥਾਂ ਵਿਚ ਵੇਚ ਰਹੀ ਹੈ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਆਗੂਆਂ ਨੇ ਆਖਿਆ ਕਿ ਪੰਜਾਬ ਸਰਕਾਰ ਵੀ ਕੇਂਦਰ ਦੇ ਰਾਹ 'ਤੇ ਚੱਲਦੀ ਹੋਈ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਮੰਨਣ ਵਿਚ ਆਨਾਕਾਨੀ ਕਰ ਰਹੀ ਹੈ, ਇਸ ਲਈ ਮੁਲਾਜ਼ਮ ਤੇ ਪੈਨਸ਼ਨਰ ਵਰਗ ਪੰਜਾਬ ਦੀ ਮਾਨ ਸਰਕਾਰ ਤੋਂ ਖਫ਼ਾ ਹੋ ਚੁੱਕੇ ਹਨ | ਉਨ੍ਹਾਂ ਆਖਿਆ ਕਿ ਕਈ ਮੀਟਿੰਗਾਂ ਕਰਨ ਦੇ ਬਾਵਜੂਦ ਵੀ ਸਰਕਾਰ ਵਲੋਂ ਉਨ੍ਹਾਂ ਦੇ ਮਸਲਿਆਂ ਦਾ ਹੱਲ ਨਹੀਂ ਕੀਤਾ ਗਿਆ, ਇਸ ਲਈ ਪੈਨਸ਼ਨਰਜ਼ ਵਰਗ ਸਰਕਾਰ ਪ੍ਰਤੀ ਰੋਸ ਪ੍ਰਗਟਾ ਰਹੇ ਹਨ | ਉਨ੍ਹਾਂ ਦੱਸਿਆ ਕਿ 10 ਅਪ੍ਰੈਲ ਨੂੰ ਪਟਿਆਲਾ ਵਿਖੇ ਵੱਡੇ ਪੱਧਰ 'ਤੇ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ, ਜਿਸ ਵਿਚ ਮੰਨੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਤਿੱਖਾ ਸੰਘਰਸ਼ ਉਲੀਕਣ ਦੀ ਵਿਉਂਤਬੰਦੀ ਬਣਾਈ ਜਾਵੇਗੀ | ਇਸ ਮੌਕੇ ਵੱਡੀ ਗਿਣਤੀ 'ਚ ਪੈਨਸ਼ਨਰ ਹਾਜ਼ਰ ਸਨ |