ਜਗਰਾਉਂ, 4 ਅਪ੍ਰੈਲ (ਗੁਰਦੀਪ ਸਿੰਘ ਮਲਕ)-ਪਿੰਡ ਸਿੱਧਵਾਂ ਕਲਾਂ ਨਜ਼ਦੀਕ ਸੂਆ ਪੁਲ ਨਜ਼ਦੀਕ ਇਕ ਨੌਜਵਾਨ ਦੀ ਅੱਜ ਸਵੇਰੇ ਲਾਸ਼ ਮਿਲਣ ਕਾਰਨ ਸਨਸਨੀ ਫੈਲ ਗਈ | ਜਿਸ ਤੋਂ ਬਾਅਦ ਨੇੜੇ ਦੇ ਖੇਤ ਮਾਲਕਾਂ ਵਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ | ਮੌਕੇ 'ਤੇ ਥਾਣਾ ਸਦਰ ਜਗਰਾਉਂ ਦੇ ਮੁਖੀ ਇੰਸਪੈਕਟਰ ਸੁਰਜੀਤ ਸਿੰਘ ਸਮੇਤ ਪੁਲਿਸ ਪਾਰਟੀ ਪਹੁੰਚੇ | ਜਿੰਨ੍ਹਾਂ ਦੀ ਹਾਜ਼ਰੀ 'ਚ ਲਾਸ਼ ਦੀ ਸ਼ਨਾਖਤ ਪਰਮਵੀਰ ਸਿੰਘ (25) ਪੁੱਤਰ ਪਰਦੀਪ ਸਿੰਘ ਵਾਸੀ ਚੀਮਨਾ ਵਜੋਂ ਹੋਈ | ਪ੍ਰਾਪਤ ਜਾਣਕਾਰੀ ਅਨੁਸਾਰ ਮਿ੍ਤਕ ਨੌਜਵਾਨ ਦੀ ਮੌਤ ਦਾ ਕਾਰਨ ਵੱਧ ਨਸ਼ੇ ਦੀ ਡੋਜ ਦੱਸਿਆ ਜਾ ਰਿਹਾ ਹੈ | ਪਰ ਥਾਣਾ ਮੁਖੀ ਸੁਰਜੀਤ ਸਿੰਘ ਨੇ ਦੱਸਿਆ ਕਿ ਮਿ੍ਤਕ ਦੀ ਮੌਤ ਕਿਸੇ ਜਹਿਰੀਲੀ ਵਸਤੂ ਨਿਗਲਣ ਕਾਰਨ ਹੋਈ ਹੈ ਅਤੇ ਨੌਜਵਾਨ ਵਲੋਂ ਆਤਮ ਹੱਤਿਆ ਕੀਤੀ ਜਾਪਦੀ ਹੈ | ਉਨ੍ਹਾਂ ਦੱਸਿਆ ਕਿ ਮਿ੍ਤਕ ਦੇ ਪਰਿਵਾਰ ਦੀ ਆਰਥਿਕ ਹਾਲਤ ਠੀਕ ਨਹੀਂ ਸੀ ਅਤੇ ਮਿ੍ਤਕ ਦੇ ਪਿਤਾ ਵਲੋਂ ਵੀ ਆਤਮ ਹੱਤਿਆ ਕੀਤੀ ਗਈ ਸੀ | ਥਾਣਾ ਮੁਖੀ ਸੁਰਜੀਤ ਸਿੰਘ ਨੇ ਦੱਸਿਆ ਕਿ ਮਿ੍ਤਕ ਪਰਮਵੀਰ ਸਿੰਘ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟ ਮਾਸਟਮ ਲਈ ਜਗਰਾਉਂ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਹੈ, ਜਿੱਥੇ ਪੋਸਟ ਮਾਸਟਮ ਤੋਂ ਬਾਅਦ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਾਇਆ ਜਾਵੇਗਾ |