ਜਗਰਾਉਂ, 4 ਅਪ੍ਰੈਲ (ਸ਼ਮਸ਼ੇਰ ਸਿੰਘ ਗਾਲਿਬ)-ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਪਹਿਲਾ ਵਿਰਸਾ ਸੰਭਾਲ ਮਹੱਲਾ ਜਗਰਾਉਂ ਸ਼ਹਿਰ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਖ਼ਾਲਸਾ ਏਡ, ਗੁਰਦੁਆਰਾ ਦੁੱਖ ਨਿਵਾਰਨ ਕਮੇਟੀ ਕਰਨੈਲ ਗੇਟ, ਪ੍ਰਵਾਸੀ ਭਾਰਤੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਮਹੱਲਾ ਕੱਢਿਆ ਗਿਆ | ਇਹ ਮਹੱਲਾ ਗੁਰੂ ਕੀਆਂ ਲਾਡਲੀਆਂ ਫੌਜ਼ਾਂ ਬੁੱਢਾ ਦਲ ਗੱਤਕਾ ਅਖਾੜਾ ਪਿੰਡ ਛੱਜਾਵਾਲ ਦੇ ਸਹਿਯੋਗ ਨਾਲ ਕੱਢਿਆ ਗਿਆ | ਇਸ ਮਹੱਲੇ ਦੀ ਅਗਵਾਈ ਜਥੇਦਾਰ ਜੋਗਿੰਦਰ ਸਿੰਘ 96 ਕਰੋੜੀ ਬੱਢਾ ਦਲ ਵਲੋਂ ਕੀਤੀ ਗਈ | ਇਹ ਮਹੱਲਾ ਜਗਰਾਉਂ ਦੇ ਕਰਨੈਲ ਗੇਟ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਚੌਂਕਾਂ, ਬਾਜ਼ਾਰਾਂ 'ਚੋਂ ਹੁੰਦਾ ਹੋਇਆ ਦੇਰ ਸ਼ਾਮੀਂ ਸਮਾਪਤ ਹੋਇਆ | ਜਿਸ ਵਿਚ ਨਗਾਰਾ, ਘੋੜ ਸਵਾਰ, ਤਿਆਰ-ਬਰ-ਤਿਆਰ ਫੌਜ਼ਾਂ ਵੱਡੀ ਗਿਣਤੀ 'ਚ ਸ਼ਾਮਿਲ ਹੋਈਆਂ | ਸ਼ਹਿਰ ਵਿਚ ਵੀ ਲੋਕਾਂ ਲਈ ਇਹ ਮਹੱਲਾ ਖਿੱਚ ਦਾ ਕੇਂਦਰ ਬਿ ਣਆ | ਇਸ ਮੌਕੇ ਜਥੇਦਾਰ ਬਾਬਾ ਜੋਗਿੰਦਰ ਸਿੰਘ ਨੇ ਕਿਹਾ ਕਿ ਇਸ ਮਹੱਲੇ ਦਾ ਮਕਸਦ ਨੌਜਵਾਨਾਂ 'ਚ ਸਿੱਖੀ ਨੂੰ ਪ੍ਰਪੱਕ ਕਰਨਾ ਹੈ ਤਾਂ ਕਿ ਨੌਜਵਾਨ ਬਾਣੀ ਤੇ ਬਾਣੇ ਦੇ ਧਾਰਨੀ ਹੋਣ | ਉਨਾਂ ਕਿਹਾ ਕਿ ਮਾਂ-ਬਾਪ ਨੂੰ ਚਾਹੀਦਾ ਹੈ ਕਿ ਉਹ ਪਹਿਲਾਂ ਆਪ ਸਾਬਤ-ਸੂਰਤ ਹੋਣ ਤਾਂ ਕਿ ਬੱਚਿਆਂ 'ਤੇ ਵੀ ਇਸਦਾ ਪ੍ਰਭਾਵ ਪਵੇ ਤੇ ਬੱਚੇ ਵੀ ਸਿੱਖੀ ਨਾਲ ਜੁੜ ਸਕਣ | ਉਨਾਂ ਕਿਹਾ ਕਿ ਇਹ ਪਹਿਲਾ ਮਹੱਲਾ ਸ਼ਹਿਰ 'ਚ ਕੱਢਿਆ ਜਾ ਰਿਹਾ ਹੈ ਜੋ ਹਰ ਸਾਲ ਕੱਢਿਆ ਜਾਵੇਗਾ | ਇਸ ਮੌਕੇ ਗਿਆਨੀ ਸੁਰਿੰਦਰ ਸਿੰਘ ਬੁੱਢਾ ਦਲ, ਗਿਆਨੀ ਤੇਜਵੀਰ ਸਿੰਘ ਦਮਦਮੀ ਟਕਸਾਲ ਨੇ ਵੀ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਇਸ ਮੌਕੇ ਤੀਰ ਅੰਦਾਜ਼ੀ ਦੇ ਮੁਕਾਬਲੇ ਵੀ ਕਰਵਾਏ ਗਏ ਅਤੇ ਗੱਤਕਾ ਅਖਾੜਿਆਂ ਵਲੋਂ ਗੱਤਕੇ ਦੇ ਜੌਹਰ ਦਿਖਾਏ ਗਏ | ਇਸ ਮੌਕੇ ਪ੍ਰਧਾਨ ਪ੍ਰਗਟ ਸਿੰਘ, ਖ਼ਜ਼ਾਨਚੀ ਅਵਤਾਰ ਸਿੰਘ, ਸੈਕਟਰੀ ਮਨਜੀਤ ਸਿੰਘ, ਕਰਮਜੀਤ ਸਿੰਘ ਸਿੱਧੂ, ਅਵਤਾਰ ਸਿੰਘ, ਸ਼ਮਸ਼ੇਰ ਸਿੰਘ, ਧਰਮਪਾਲ ਸਿੰਘ, ਜੋਗਿੰਦਰ ਸਿੰਘ, ਗੁਰਪ੍ਰੀਤ ਸਿੰਘ, ਬਲਜੀਤ ਸਿੰਘ ਆਦਿ ਹਾਜ਼ਰ ਸਨ |