ਭਾਕਿਯੂ ਦੁਆਬਾ ਦੀ ਸੁਧਾਰ 'ਚ ਅਹਿਮ ਮੀਟਿੰਗ
ਗੁਰੂਸਰ ਸੁਧਾਰ, 5 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)-ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਜ਼ਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ ਢੱਟ ਦੀ ਅਗਵਾਈ ਹੇਠ ਅਨਾਜ ਮੰਡੀ ਸੁਧਾਰ ਵਿਖੇ ਜਥੇਬੰਦੀ ਦੇ ਬਲਾਕ ਪ੍ਰਧਾਨਾਂ, ਇਕਾਈ ਪ੍ਰਧਾਨਾਂ ਤੇ ਮੈਂਬਰ ਸਾਹਿਬਾਨ ਨਾਲ ਹੋਈ ਮੀਟਿੰਗ ਦੌਰਾਨ ਕਿਸਾਨੀ ਮੁੱਦਿਆਂ 'ਤੇ ਅਹਿਮ ਚਰਚਾ ਤੇ ਵਿਚਾਰ-ਵਿਟਾਂਦਰੇ ਕੀਤੇ ਗਏ | ਭਾਕਿਯੂ ਦੁਆਬਾ ਜ਼ਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ ਢੱਟ ਨੇ ਪੰਜਾਬ ਵਿਚ ਵਗ ਰਹੇ ਨਸ਼ਿਆਂ ਦੇ ਛੇਂਵੇ ਦਰਿਆ 'ਤੇ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਨਸ਼ੇੜੀਆਂ ਤੇ ਚੋਰ ਗਿਰੋਹ ਵਲੋਂ ਸੂਬੇ ਭਰ ਵਿਚ ਕਿਸਾਨਾਂ ਦੀਆਂ ਮੋਟਰਾਂ ਤੋਂ ਤਾਰਾਂ, ਟਰਾਂਸਫਾਰਮਰ ਤੇ ਹੋਰ ਕੀਮਤੀ ਸਮਾਨ ਚੋਰੀ ਕੀਤੇ ਜਾਣ ਦਾ ਸਿਲਸਿਲਾ ਜਾਰੀ ਹੈ | ਉਨ੍ਹਾਂ ਆਖਿਆ ਕਿ ਆਏ ਦਿਨ ਵਾਪਰ ਰਹੀਆਂ ਇਨ੍ਹਾਂ ਘਟਨਾਵਾਂ ਕਾਰਨ ਕਿਸਾਨਾਂ ਤੋਂ ਇਲਾਵਾ ਪੰਜਾਬ ਰਾਜ ਪਾਵਰਕਾਮ ਕਾਰਪੋਰੇਸ਼ਨ ਭਾਰੀ ਆਰਥਿਕ ਘਾਟਾ ਝੱਲ ਰਹੇ ਤੇ ਕਿਸਾਨ ਨਿਰਾਸ਼ਾ ਦੇ ਆਲਮ ਵਿਚ ਹਨ | ਪ੍ਰਧਾਨ ਢੱਟ ਨੇ ਪੁਲਿਸ, ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਰਾਜ ਭਰ ਵਿਚ ਫੈਲੇ ਇਸ ਗਿਰੋਹ ਨੂੰ ਜੜ੍ਹ ਤੋਂ ਖ਼ਤਮ ਕਰਕੇ ਕਿਸਾਨਾਂ ਨੂੰ ਰਾਹਤ ਦਿੱਤੀ ਜਾਵੇ | ਜਥੇਬੰਦੀ ਨੇ ਇਸ ਮੌਕੇ ਭਾਕਿਯੂ ਕਾਦੀਆਂ ਪ੍ਰਧਾਨ ਹਰਮੀਤ ਸਿੰਘ ਵਲੋਂ ਸੂਬੇ ਵਿਚ ਪੋਸਤ ਦੇ ਖੇਤੀ ਜਾਂ ਠੇਕੇ ਖੋਲ੍ਹੇ ਜਾਣ ਦਾ ਵੀ ਸਮਰਥਨ ਕੀਤਾ | ਮੀਟਿੰਗ ਦੌਰਾਨ ਪ੍ਰਧਾਨ ਜਸਪ੍ਰੀਤ ਢੱਟ ਨੇ ਐਲਾਨ ਕੀਤਾ ਕਿ ਕਿਸਾਨਾਂ ਤੇ ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਲੀਗਲ ਸੈੱਲ ਦੇ ਗਠਨ ਤੋਂ ਬਿਨਾਂ ਜਲਦੀ ਹੀ ਸੁਧਾਰ ਵਿਖੇ ਜਥੇਬੰਦੀ ਦਾ ਦਫ਼ਤਰ ਖੋਲਿ੍ਹਆ ਜਾਵੇਗਾ ਤੇ ਸੰਪਰਕ ਨੰਬਰ ਜਾਰੀ ਕੀਤੇ ਜਾਣਗੇ | ਇਸ ਮੌਕੇ ਬਾਬਾ ਦਲੇਰ ਸਿੰਘ ਅਕਾਲਗੜ੍ਹ, ਬੱਬੀ ਸੁਧਾਰ, ਜਤਿੰਦਰ ਸਿੰਘ ਤਿੰਦੀ, ਤੇਜਿੰਦਰ ਸਿੰਘ ਬੱਸੀਆਂ, ਹਰਮਨਦੀਪ ਸਿੰਘ ਨੱਤ, ਤੇਜਪਾਲ ਸਿੰਘ ਸਹੌਲੀ, ਵਰਿੰਦਰ ਸਿੰਘ ਸੰਘੇੜਾ, ਹਰਮਨ ਸਿੰਘ ਢੱਟ, ਚਮਕੌਰ ਸਿੰਘ ਢੱਟ, ਦਮਨ ਹਲਵਾਰਾ, ਜਗਦੀਪ ਸਿੰਘ ਐਤੀਆਣਾ, ਛਿੰਦਾ ਘੁਮਾਣ ਸਮੇਤ ਹੋਰ ਆਗੂ, ਵਰਕਰ ਤੇ ਮੈਂਬਰ ਹਾਜ਼ਰ ਸਨ |
ਕਿਸਾਨਾਂ ਦਾ ਨੁਕਸਾਨ ਕਰ ਰਹੇ ਨਸ਼ੇੜੀ ਤੇ ਚੋਰ ਗਰੋਹਾਂ 'ਤੇ ਪੁਲਿਸ ਪ੍ਰਸ਼ਾਸਨ ਸ਼ਿਕੰਜਾ ਕੱਸੇ- ਪ੍ਰਧਾਨ ਢੱਟ
ਅਜੀਤ ਡੈਸਕ
06-04-2026