ਸਿੱਧਵਾਂ ਬੇਟ, 5 ਅਪ੍ਰੈਲ (ਜਸਵੰਤ ਸਿੰਘ ਸਲੇਮਪੁਰੀ)-ਪਿਛਲੇ ਕਈ ਦਿਨਾਂ ਤੋਂ ਈਰਾਨ ਅਤੇ ਅਮਰੀਕਾ, ਇਜਰਾਇਲ ਵਿਚ ਹੋਈ ਲੜਾਈ ਨੇ ਮਹਿੰਗਾਈ ਨੂੰ ਇਕ ਵਾਰ ਸਿਖ਼ਰਾਂ 'ਤੇ ਪੁਜਾ ਦਿੱਤਾ ਹੈ | ਬਾਜ਼ਾਰ ਵਿਚ ਕੋਈ ਚੀਜ਼ ਐਸੀ ਨਹੀਂ, ਜਿਸ ਨੇ ਆਮ ਇਨਸਾਨ ਨੂੰ ਆਰਥਿਕਤਾ 'ਤੇ ਸੱਟ ਨਾ ਮਾਰੀ ਹੋਵੇ | ਭਾਵੇਂ ਕਈ ਅਜਿਹੀਆਂ ਵਸਤੂਆਂ ਹਨ ਜਿੰਨ੍ਹਾਂ ਦਾ ਇਸ ਲੜਾਈ ਨਾਲ ਕੋਈ ਲੈਣਾ-ਦੇਣਾ ਨਹੀਂ, ਪਰ ਇਸ ਦੇ ਬਾਵਜੂਦ ਵੀ ਕਈ ਦੁਕਾਨਦਾਰਾਂ ਵਲੋਂ ਆਪਣੇ ਗਾਹਕਾਂ ਦੀ ਜੇਬ 'ਤੇ ਡਾਕਾ ਮਾਰਿਆ ਜਾ ਰਿਹਾ ਹੈ | ਜਦੋਂ ਵੀ ਕੋਈ ਗਾਹਕ ਦੁਕਾਨਦਾਰ ਨਾਲ ਮਹਿੰਗੀ ਚੀਜ਼ ਦੇਣ ਦੀ ਗੱਲ ਕਰਦਾ ਹੈ ਤਾਂ ਦੁਕਾਨਦਾਰ ਝੱਟ ਆਖ ਦਿੰਦਾ ਹੈ, ਤੁਹਾਨੂੰ ਪਤਾ ਨਹੀਂ ਲੜਾਈ ਲੱਗੀ ਹੋਈ ਹੈ | ਇਹ ਸੁਣ ਕੇ ਵਿਚਾਰਾ ਗਾਹਕ ਚੁੱਪ ਹੋ ਜਾਂਦਾ ਹੈ, ਪਰ ਸੱਚਾਈ ਹੈ ਕਿ ਕਈ ਦੁਕਾਨਦਾਰਾਂ ਵਲੋਂ ਮਹਿੰਗਾਈ ਦੀ ਆੜ ਹੇਠ ਆਪਣੇ ਗਾਹਕਾਂ ਦੀ ਪੂਰੀ ਤਰ੍ਹਾਂ ਲੁੱਟ ਕੀਤੀ ਜਾ ਰਹੀ ਹੈ, ਪਰ ਪ੍ਰਸ਼ਾਸਨ ਚੁੱਪ ਹੈ | ਲੋਕਾਂ ਨੇ ਮੰਗ ਕੀਤੀ ਹੈ ਕਿ ਲੜਾਈ ਦੀ ਆੜ ਹੇਠ ਲੋਕਾਂ ਦੀ ਅੰਨ੍ਹੀ ਲੁੱਟ ਕਰਨ ਵਾਲੇ ਵਪਾਰੀਆਂ ਅਤੇ ਛੋਟੇ ਦੁਕਾਨਦਾਰਾਂ ਵੱਲ ਧਿਆਨ ਦਿੱਤਾ ਜਾਵੇ |